ਕੀਵ, 23 ਫਰਵਰੀ
ਯੂਕਰੇਨ ਦੇ ਉੱਚ ਸੁਰੱਖਿਆ ਅਧਿਕਾਰੀ ਓਲਸਕੀ ਡੈਨੀਲੋਵ ਨੇ ਬੁੱਧਵਾਰ ਨੂੰ ਕਿਹਾ ਕਿ ਯੂਕਰੇਨ ਸਰਕਾਰ ਵੱਲੋਂ ਡੋਨੇਤਸਕ ਤੇ ਲੁਹਾਂਸਕ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਐਮਰਜੈਂਸੀ ਲਾਗੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਡੋਨੇਤਸਕ ਤੇ ਲੁਹਾਂਸਕ ਵਿੱਚ 2014 ਤੋਂ ਐਮਰਜੈਂਸੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਐਮਰਜੈਂਸੀ 30 ਦਿਨਾਂ ਲਈ ਲਗਾਈ ਜਾਵੇਗੀ ਜਿਸ ਨੂੰ ਹੋਰ 30 ਦਿਨਾਂ ਲਈ ਵੀ ਵਧਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਡੋਨੇਤਸਕ ਤੇ ਲੁਹਾਂਸਕ ਵਿੱਚ 2014 ਤੋਂ ਹੀ ਰੂਸ ਦੇ ਸਮਰਥਕ ਵੱਖਵਾਦੀਆਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ ਤੇ ਰੂਸ ਨੇ ਇਨ੍ਹਾਂ ਦੋਹਾਂ ਸੂਬਿਆਂ ਨੂੰ ‘ਆਜ਼ਾਦ’ ਐਲਾਨ ਦਿੱਤਾ ਹੈ ਤੇ ਵਿਦੇਸ਼ੀ ਧਰਤੀ ’ਤੇ ਸੈਨਿਕ ਬਲ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।