ਕੀਵ, 9 ਅਗਸਤ
ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਦੋ ਮਿਜ਼ਾਈਲ ਹਮਲਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਇਨ੍ਹਾਂ ਹਮਲਿਆਂ ਵਿਚ ਅਪਾਰਟਮੈਂਟ ਬਲਾਕਾਂ ਤੇ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਦਕਿ 81 ਲੋਕ ਫੱਟੜ ਹੋ ਗਏ ਹਨ। ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਰੂਸ ਰਾਹਤ ਕਾਰਜ ਕਰ ਰਹੇ ਵਰਕਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਵੇਰਵਿਆਂ ਮੁਤਾਬਕ ਰੂਸ ਵੱਲੋਂ ਦਾਗੀਆਂ ਦੋ ਮਿਜ਼ਾਈਲਾਂ ਅੱਜ ਪੂਰਬੀ ਦੋਨੇਤਸਕ ਖੇਤਰ ਦੇ ਪੋਕਰੋਸਕ ਖੇਤਰ ਵਿਚ ਡਿੱਗੀਆਂ ਹਨ। ਇਸ ਇਲਾਕੇ ਉਤੇ ਅੰਸ਼ਕ ਤੌਰ ’ਤੇ ਰੂਸ ਦਾ ਕਬਜ਼ਾ ਹੈ। ਮ੍ਰਿਤਕਾਂ ਵਿਚ ਪੰਜ ਨਾਗਰਿਕ, ਇਕ ਬਚਾਅ ਕਰਮੀ ਤੇ ਇਕ ਸੈਨਿਕ ਸ਼ਾਮਲ ਹਨ। ਦੋਨੇਤਸਕ ਦੇ ਗਵਰਨਰ ਪਾਵਲੋ ਕਿਰੀਲੈਂਕੋ ਨੇ ਕਿਹਾ ਕਿ ਜ਼ਖ਼ਮੀਆਂ ਵਿਚ 39 ਨਾਗਰਿਕ ਹਨ ਜਿਨ੍ਹਾਂ ਵਿਚ ਦੋ ਬੱਚੇ, 31 ਪੁਲੀਸ ਅਧਿਕਾਰੀ, ਸੱਤ ਐਮਰਜੈਂਸੀ ਵਰਕਰ ਤੇ ਚਾਰ ਸੈਨਿਕ ਸ਼ਾਮਲ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨੇ ਦੋਸ਼ ਲਾਇਆ ਹੈ ਕਿ ਮਾਸਕੋ ਪੂਰਬੀ ਯੂਕਰੇਨ ਨੂੰ ਤਬਾਹ ਕਰਨ ’ਤੇ ਉਤਾਰੂ ਹੈ। ਰੂਸੀ ਮਿਜ਼ਾਈਲਾਂ, ਡਰੋਨਾਂ ਤੇ ਆਰਟਿਲਰੀ ਨੇ ਕਈ ਵਾਰ ਜੰਗ ਵਿਚ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ, ਜਦਕਿ ਰੂਸ ਦਾ ਕਹਿਣਾ ਹੈ ਕਿ ਉਨ੍ਹਾਂ ਸਿਰਫ਼ ਯੂਕਰੇਨ ਦੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਖਾਰਕੀਵ ਖੇਤਰ ਉਤੇ ਹੋਏ ਹਮਲੇ ਵਿਚ ਵੀ ਦੋ ਲੋਕਾਂ ਦੀ ਮੌਤ ਹੋਈ ਹੈ। ਜਦਕਿ ਨੌਂ ਹੋਰ ਫੱਟੜ ਹੋ ਗਏ ਹਨ।