ਕੀਵ, 12 ਸਤੰਬਰ
ਯੂਕਰੇਨ ਦੀ ਸੈਨਾ ਨੇ ਮੁਲਕ ਦੇ ਪੂਰਬ ’ਚ ਰੂਸ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਾਫ਼ੀ ਤੇਜ਼ੀ ਨਾਲ ਰੂਸ ’ਤੇ ਜਵਾਬੀ ਹੱਲਾ ਬੋਲਿਆ ਹੈ ਤੇ ਇਸ ਨਾਲ ਮਹੀਨਿਆਂ ਤੋਂ ਚੱਲ ਰਹੀਆਂ ਜੰਗ ਦਾ ਰੁਖ਼ ਬਦਲ ਗਿਆ ਹੈ।
ਵੇਰਵਿਆਂ ਮੁਤਾਬਕ ਉੱਤਰ-ਪੂਰਬੀ ਖਾਰਕੀਵ ਖੇਤਰ ’ਚ ਯੂਕਰੇਨ ਦੀ ਤੇਜ਼ ਕਾਰਵਾਈ ਨੇ ਰੂਸੀ ਸੈਨਾ ਨੂੰ ਪਿੱਛੇ ਧੱਕ ਦਿੱਤਾ ਹੈ। ਮਾਸਕੋ ਨੇ ਆਪਣੀ ਸੈਨਾ ਨੂੰ ਪਿੱਛੇ ਹਟਣ ਲਈ ਕਿਹਾ ਹੈ ਤਾਂ ਕਿ ਸਮਰਪਣ ਕਰਨ ਦੀ ਨੌਬਤ ਨਾ ਆਵੇ। ਰੂਸੀ ਸੈਨਾ ਵੱਡੀ ਗਿਣਤੀ ਹਥਿਆਰ ਤੇ ਅਸਲਾ ਉੱਥੇ ਹੀ ਛੱਡ ਗਈ ਹੈ। ਯੂਕਰੇਨੀ ਸੈਨਾ ਦੀ ਇਸ ਉਪਲਬਧੀ ਤੋਂ ਖ਼ੁਸ਼ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਇਕ ਵੀਡੀਓ ਭਾਸ਼ਣ ਵਿਚ ਰੂਸੀਆਂ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ, ‘ਰੂਸੀ ਸੈਨਾ ਇਨ੍ਹੀਂ ਦਿਨੀ ਉਹੀ ਕਰ ਰਹੀ ਹੈ ਜੋ ਉਹ ਵਧੀਆ ਢੰਗ ਨਾਲ ਕਰ ਸਕਦੀ ਹੈ- ਪਿੱਠ ਦਿਖਾ ਰਹੀ ਹੈ।’ ਰਾਸ਼ਟਰਪਤੀ ਨੇ ਇਕ ਵੀਡੀਓ ਵੀ ਪੋਸਟ ਕੀਤੀ ਹੈ ਜਿਸ ਵਿਚ ਯੂਕਰੇਨੀ ਸੈਨਾ ਇਕ ਹੋਰ ਕਸਬੇ ’ਚ ਦੇਸ਼ ਦਾ ਝੰਡਾ ਲਹਿਰਾ ਰਹੀ ਹੈ। ਇਸ ਕਸਬੇ ਨੂੰ ਉਨ੍ਹਾਂ ਰੂਸੀਆਂ ਤੋਂ ਕਬਜ਼ੇ ਵਿਚ ਲਿਆ ਹੈ। ਖਾਰਕੀਵ ’ਚ ਸੈਨਾ ਵੱਲੋਂ ਹਥਿਆਰ ਅਤੇ ਹੋਰ ਅਸਲਾ ਛੱਡ ਪਿੱਛੇ ਹਟਣ ਤੋਂ ਬਾਅਦ ਰੂਸ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਇਹ ਬਲਾਂ ਨੂੰ ਦੋਨੇਸਕ ਖੇਤਰ ਵਿਚ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਕਦਮ ਹੈ। ਕੀਵ ਖੇਤਰ ਵਿਚੋਂ ਸੈਨਾ ਕੱਢਣ ਵੇਲੇ ਵੀ ਰੂਸ ਨੇ ਇਹੀ ਹਵਾਲਾ ਦਿੱਤਾ ਸੀ।