ਕੀਵ, 25 ਜੁਲਾਈ
ਰੂਸ ਨੇ ਯੂਕਰੇਨ ’ਤੇ ਅੱਜ ਸਵੇਰੇ ਡਰੋਨ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਹਮਲੇ ਕਰਨ ਵਾਲਾ ਇਕ ਡਰੋਨ ਰੱਖਿਆ ਮੰਤਰਾਲੇ ਦੇ ਮੁੱਖ ਹੈੱਡਕੁਆਰਟਰ ਨੇੜੇ ਡਿੱਗਿਆ ਹੈ। ਉਨ੍ਹਾਂ ਯੂਕਰੇਨ ’ਤੇ ਕਰੀਮੀਆ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਵੀ ਲਾਇਆ ਹੈ। ਇਸੇ ਦੌਰਾਨ ਰੂਸੀ ਫ਼ੌਜ ਨੇ ਦੱਖਣੀ ਯੂਕਰੇਨ ਵਿਚ ਬੰਦਰਗਾਹ ਉਤੇ ਮੁੜ ਹਮਲੇ ਕੀਤੇ ਹਨ। ਮਾਸਕੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਦੋ ਖਾਲੀ ਇਮਾਰਤਾਂ ਨਾਲ ਟਕਰਾਏ ਹਨ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਫ਼ੌਜ ਨੇ ਦੋਵੇਂ ਹਮਲਾਵਰ ਡਰੋਨਾਂ ਨੂੰ ਜਾਮ ਕਰ ਦਿੱਤਾ ਸੀ, ਤੇ ਇਹ ਡਿੱਗ ਗਏ। ਰੂਸੀ ਮੀਡੀਆ ਮੁਤਾਬਕ ਰੱਖਿਆ ਮੰਤਰਾਲੇ ਦੇ ਮੁੱਖ ਦਫ਼ਤਰ ਉਤੇ ਹਵਾਈ ਰੱਖਿਆ ਪ੍ਰਣਾਲੀ ਲੱਗੀ ਹੋਈ ਹੈ। ਇਹ ਹੈੱਡਕੁਆਰਟਰ ਕਰੈਮਲਿਨ ਤੋਂ 2.7 ਕਿਲੋਮੀਟਰ ਦੂਰ ਹੈ। ਯੂਕਰੇਨ ਨੇ ਹਾਲੇ ਤੱਕ ਇਨ੍ਹਾਂ ਹਮਲਿਆਂ ਬਾਰੇ ਟਿੱਪਣੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ 4 ਜੁਲਾਈ ਨੂੰ ਰੂਸੀ ਫੌਜ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਚਾਰ-ਪੰਜ ਡਰੋਨ ਮਾਸਕੋ ਦੇ ਬਾਹਰਵਾਰ ਡੇਗ ਦਿੱਤੇ ਹਨ। ਇਨ੍ਹਾਂ ਹਮਲਿਆਂ ਕਾਰਨ ਮਾਸਕੋ ਦੇ ਹਵਾਈ ਅੱਡੇ ਤੋਂ ਉਡਾਣਾਂ ਨੂੰ ਹੋਰ ਪਾਸੇ ਮੋੜਨਾ ਪਿਆ ਸੀ।
ਰੂਸੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਯੂਕਰੇਨ ਦੇ ਇਕ ਹੋਰ ਡਰੋਨ ਹਮਲੇ ’ਚ ਕਰੀਮੀਆ ’ਚ ਅਸਲਾ ਡਿਪੂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਕਾਰਨ ਇਕ ਵੱਡੇ ਕੌਮੀ ਮਾਰਗ ’ਤੇ ਆਵਾਜਾਈ ਬੰਦ ਕਰਨੀ ਪਈ। ਇਸੇ ਦੌਰਾਨ ਯੂਕਰੇਨ ਦੇ ਇਕ ਮੰਤਰੀ ਮਿਖਾਇਲੋ ਫੈਡੋਰੋਵ ਨੇ ਕਿਹਾ ਕਿ ਮਾਸਕੋ ’ਤੇ ਡਰੋਨ ਹਮਲੇ ਦਿਖਾਉਂਦੇ ਹਨ ਕਿ ਰੂਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ‘ਅਜਿਹੇ ਹਮਲੇ ਰੋਕਣ ਦੇ ਸਮਰੱਥ ਨਹੀਂ ਹਨ, ਤੇ ਹੋਰ ਹਮਲੇ ਜਾਰੀ ਰਹਿਣਗੇ।’ ਦੱਸਣਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਦੀ ਅਹਿਮ ਓਡੇਸਾ ਬੰਦਰਗਾਹ ਉਤੇ ਵੀ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।