ਓਟਵਾ, 21 ਅਪਰੈਲ : ਕੈਨੇਡਾ ਵੱਲੋਂ 39 ਮਿਲੀਅਨ ਡਾਲਰ ਦੇ ਹਥਿਆਰ ਤੇ ਹੋਰ ਮਿਲਟਰੀ ਸਹਾਇਤਾ ਯੂਕਰੇਨ ਨੂੰ ਦੇਣ ਦਾ ਤਹੱਈਆ ਪ੍ਰਗਟਾਇਆ ਗਿਆ ਹੈ।
ਰੱਖਿਆ ਮੰਤਰੀ ਅਨੀਤਾ ਆਨੰਦ ਨੇ ਜਰਮਨੀ ਵਿੱਚ ਅਮਰੀਕਾ ਤੇ ਆਪਣੇ ਹੋਰਨਾਂ ਭਾਈਵਾਲ ਮੁਲਕਾਂ ਦੇ ਹਮਰੁਤਬਾ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਇਹ ਐਲਾਨ ਕੀਤਾ।ਇਸ ਡੋਨੇਸ਼ਨ ਵਿੱਚ 35 ਮਿਲੀਅਨ ਡਾਲਰ ਨਕਦੀ ਦੇ ਰੂਪ ਵਿੱਚ ਯੂਕਰੇਨ ਨੂੰ ਦਿੱਤੇ ਜਾਣਗੇ ਤਾਂ ਕਿ ਉਹ ਫਿਊਲ, ਫਰਸਟ ਏਡ ਕਿੱਟਸ ਤੇ ਹੋਰ ਘੱਟ ਮਾਰੂ ਹਥਿਆਰ ਖਰੀਦ ਸਕੇ। ਇਹ ਸਾਰੀ ਰਕਮ ਸਪੈਸ਼ਲ ਨਾਟੋ ਫੰਡ ਰਾਹੀਂ ਮੁਹੱਈਆ ਕਰਵਾਈ ਜਾਵੇਗੀ।
ਬਾਕੀ ਦੇ ਬਚੇ ਪੈਸਿਆਂ ਨਾਲ 40 ਸਨਾਈਪਰ ਰਾਈਫਲਾਂ ਤੇ ਵਿਨੀਪੈਗ ਦੀ ਕੰਪਨੀ ਤੋਂ ਹੋਰ ਗੋਲੀ ਸਿੱਕਾ ਖਰੀਦਿਆ ਜਾਵੇਗਾ। ਇਸ ਤੋਂ ਇਲਾਵਾ ਕੈਨੇਡਾ ਵੱਲੋਂ ਪਹਿਲਾਂ ਯੂਕਰੇਨ ਨੂੰ ਦਾਨ ਕੀਤੇ ਗਏ ਅੱਠ ਲੈਪਰਡ 2 ਟੈਂਕਾਂ ਲਈ ਨਵੇਂ ਰੇਡੀਓ ਸੈੱਟ ਵੀ ਖਰੀਦੇ ਜਾਣਗੇ। ਫਰਵਰੀ 2022 ਵਿੱਚ ਰੂਸ ਵੱਲੋਂ ਯੂਕਰੇਨ ਉੱਤੇ ਚੜ੍ਹਾਈ ਕਰ ਦਿੱਤੇ ਜਾਣ ਤੋਂ ਬਾਅਦ ਕੈਨੇਡਾ ਵੱਲੋਂ ਯੂਕਰੇਨ ਦੀ ਵਿੱਤੀ, ਮਿਲਟਰੀ ਤੇ ਮਨੁੱਖਤਾਵਾਦੀ ਮਦਦ ਲਈ 8 ਬਿਲੀਅਨ ਡਾਲਰ ਤੋਂ ਵੀ ਵੱਧ ਦੇਣ ਦਾ ਤਹੱਈਆ ਕੀਤਾ ਜਾ ਚੁੱਕਿਆ ਹੈ।