ਕੋਪਨਹੇਗਨ/ਕੀਵ, 15 ਜੂਨ
ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਉਨ੍ਹਾਂ ਕੋਲ ਕਾਫ਼ੀ ਅਸਲਾ ਤੇ ਹਥਿਆਰ ਹਨ ਪਰ ਉਨ੍ਹਾਂ ਦੇ ਦੇਸ਼ ਨੂੰ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਵਧੇਰੇ ਲੋੜ ਹੈ। ਰਾਸ਼ਟਰਪਤੀ ਨੇ ਕਿਹਾ ਕਿ ਰੂਸੀ ਫ਼ੌਜ ਦਾ ਰਾਹ ਰੋਕਣ ਲਈ ਉਨ੍ਹਾਂ ਨੂੰ ਅਜਿਹੇ ਹਥਿਆਰਾਂ ਦੀ ਲੋੜ ਹੈ ਜੋ ਅਸਲ ’ਚ ਨਿਸ਼ਾਨਾ ਫੁੰਡ ਸਕਣ। ਦੱਸਣਯੋਗ ਹੈ ਕਿ ਵਰਤਮਾਨ ’ਚ ਮੁਲਕ ਦਾ ਪੂਰਬੀ ਖੇਤਰ ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਕੇਂਦਰ ਬਣਿਆ ਹੋਇਆ ਹੈ। ਲੁਹਾਂਸਕ ਖੇਤਰ ਦੇ ਅਧਿਕਾਰੀਆਂ ਮੁਤਾਬਕ ਰੂਸੀ ਫ਼ੌਜ ਨੇ ਸਿਵਿਏਰੋਦੋਨੇਸਕ ਸ਼ਹਿਰ ਦੇ ਲਗਭਗ 80 ਪ੍ਰਤੀਸ਼ਤ ਹਿੱਸੇ ਉਤੇ ਕਬਜ਼ਾ ਕਰ ਲਿਆ ਹੈ ਤੇ ਇਸ ਤੱਕ ਜਾਂਦੇ ਸਾਰੇ ਪੁਲ਼ ਤਬਾਹ ਕਰ ਦਿੱਤੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਹਾਲੇ ਵੀ ਜ਼ਖ਼ਮੀਆਂ ਨੂੰ ਸ਼ਹਿਰ ਵਿਚੋਂ ਬਾਹਰ ਕੱਢ ਸਕਦੇ ਹਨ। ਇਸ ਸ਼ਹਿਰ ਵਿਚ ਜੰਗ ਤੋਂ ਪਹਿਲਾਂ ਇਕ ਲੱਖ ਦੇ ਲਗਭਗ ਲੋਕ ਸਨ ਪਰ ਹੁਣ 12,000 ਰਹਿ ਗਏ ਹਨ। ਰੂਸੀ ਫ਼ੌਜਾਂ ਨੇ ਭਾਰੀ ਬੰਬਾਰੀ ਕਰਕੇ ਯੂਕਰੇਨੀ ਫ਼ੌਜ ਨੂੰ ਪਿੱਛੇ ਧੱਕ ਦਿੱਤਾ ਹੈ। 500 ਤੋਂ ਵੱਧ ਨਾਗਰਿਕਾਂ ਨੇ ਇਕ ਰਸਾਇਣ ਪਲਾਂਟ ਵਿਚ ਸ਼ਰਨ ਲਈ ਹੋਈ ਹੈ। ਇਸ ’ਤੇ ਵੀ ਰੂਸੀ ਬੰਬਾਰੀ ਕਰ ਰਹੇ ਹਨ। ਪਿਛਲੇ 24 ਘੰਟਿਆਂ ’ਚ 70 ਨਾਗਰਿਕਾਂ ਨੂੰ ਲੁਹਾਂਸਕ ਖੇਤਰ ’ਚੋਂ ਕੱਢਿਆ ਗਿਆ ਹੈ। ਦੋ ਜਣਿਆਂ ਦੀ ਮੌਤ ਹੋਈ ਹੈ ਤੇ ਇਕ ਹੋਰ ਫੱਟੜ ਹੋ ਗਿਆ ਹੈ।