ਲੰਡਨ, 28 ਮਾਰਚ
ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸ ਹੁਣ ਪੈਂਤੜਾ ਬਦਲ ਕੇ ਮੁਲਕ ਨੂੰ ਦੋ ਹਿੱਸਿਆਂ ’ਚ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਿਲਟਰੀ ਇੰਟੈਲੀਜੈਂਸ ਦੇ ਮੁਖੀ ਕਿਰਲੋ ਬੁਡਾਨੋਵ ਨੇ ਕਿਹਾ ਕਿ ਰੂਸ ਉੱਤਰ ਅਤੇ ਦੱਖਣੀ ਕੋਰੀਆ ਵਾਂਗ ਯੂਕਰੇਨ ਦੇ ਦੋ ਟੋਟੇ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਵੱਲੋਂ ਛੇਤੀ ਹੀ ਰੂਸ ਦੇ ਕਬਜ਼ੇ ਵਾਲੇ ਖੇਤਰ ’ਚ ਗੁਰੀਲਾ ਜੰਗ ਛੇੜੀ ਜਾਵੇਗੀ। ਉਧਰ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਪੱਛਮ ਨੂੰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਨੂੰ ਟੈਂਕ, ਜਹਾਜ਼ ਅਤੇ ਮਿਜ਼ਾਈਲਾਂ ਦੇਵੇ ਤਾਂ ਜੋ ਰੂਸੀ ਫ਼ੌਜ ਦਾ ਟਾਕਰਾ ਕੀਤਾ ਜਾ ਸਕੇ। ਨਾਟੋ ’ਚ ਅਮਰੀਕੀ ਸਫ਼ੀਰ ਨੇ ਕਿਹਾ ਕਿ ਹੁਣ ਨਾਟੋ ਗੱਠਜੋੜ ਦੇ ਦੋ-ਤਿਹਾਈ ਮੁਲਕ ਯੂਕਰੇਨ ਨੂੰ ਘਾਤਕ ਹਥਿਆਰਾਂ ਦੀ ਸਪਲਾਈ ’ਚ ਸਹਾਇਤਾ ਕਰ ਰਹੇ ਹਨ। ਇਸ ਦੌਰਾਨ ਰੂਸ ਨੇ ਪੱਛਮੀ ਯੂਕਰੇਨ ਦੇ ਸ਼ਹਿਰ ਲਵੀਵ ’ਚ ਅੱਜ ਫ਼ੌਜੀ ਟਿਕਾਣਿਆਂ ’ਤੇ ਕਰੂਜ਼ ਮਿਜ਼ਾਈਲਾਂ ਨਾਲ ਜ਼ੋਰਦਾਰ ਹਮਲੇ ਕੀਤੇ। ਇਹ ਸ਼ਹਿਰ ਪੋਲੈਂਡ ਦੀ ਸਰਹੱਦ ਨੇੜੇ ਪੈਂਦਾ ਹੈ ਜਿਥੋਂ ਦਾ ਦੌਰਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੀਤਾ ਗਿਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਲਵੀਵ ਨੇੜੇ ਯੂਕਰੇਨੀ ਫ਼ੌਜ ਵੱਲੋਂ ਵਰਤੇ ਜਾ ਰਹੇ ਤੇਲ ਡਿਪੂ ’ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ। ਇਸ ਤੋਂ ਇਲਾਵਾ ਸ਼ਹਿਰ ’ਚ ਹਵਾਈ ਜਹਾਜ਼ ਵਿਰੋਧੀ ਪ੍ਰਣਾਲੀ, ਰਾਡਾਰ ਸਟੇਸ਼ਨਾਂ ਅਤੇ ਟੈਕਾਂ ਨਾਲ ਸਬੰਧਤ ਮੁਰੰਮਤ ਵਾਲੇ ਪਲਾਂਟ ’ਤੇ ਕਰੂਜ਼ ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ। ਮੰਤਰਾਲੇ ਦੇ ਤਰਜਮਾਨ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਕਿ ਰੂਸੀ ਫੈਡਰੇਸ਼ਨ ਵੱਲੋਂ ਵਿਸ਼ੇਸ਼ ਫ਼ੌਜੀ ਅਪਰੇਸ਼ਨ ਤਹਿਤ ਹਮਲੇ ਕੀਤੇ ਜਾ ਰਹੇ ਹਨ। ਮੰਤਰਾਲੇ ਨੇ ਲਵੀਵ ’ਚ ਕੀਤੇ ਗਏ ਮਿਜ਼ਾਈਲ ਹਮਲੇ ਦਾ ਵੀਡੀਓ ਵੀ ਨਸ਼ਰ ਕੀਤਾ ਹੈ। ਲਵੀਵ ਦੇ ਅਧਿਕਾਰੀਆਂ ਨੇ ਕਿਹਾ ਕਿ ਮਿਜ਼ਾਈਲ ਹਮਲੇ ’ਚ ਕਈ ਵਿਅਕਤੀ ਜ਼ਖ਼ਮੀ ਹੋਏ ਹਨ। ਰੂਸ ਨੇ ਕੀਵ ਨੇੜੇ ਐੱਸ-300 ਮਿਜ਼ਾਈਲਾਂ ਦੇ ਜ਼ਖੀਰੇ ਅਤੇ ਬੀਯੂਕੇ ਐਂਟੀ ਏਅਰਕ੍ਰਾਫਟ ਮਿਜ਼ਾਈਲ ਪ੍ਰਣਾਲੀਆਂ ਨੂੰ ਸਮੁੰਦਰ ਆਧਾਰਿਤ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਵਰਤ ਕੇ ਤਬਾਹ ਕਰ ਦਿੱਤਾ ਹੈ। ਰੂਸੀ ਫ਼ੌਜ ਨੇ ਵੱਡੀ ਗਿਣਤੀ ’ਚ ਡਰੋਨਾਂ ਨੂੰ ਵੀ ਤਬਾਹ ਕੀਤਾ ਹੈ। ਯੂਕਰੇਨ ਦੇ ਅੰਦਰੂਨੀ ਮਾਮਲਿਆਂ ਬਾਰੇ ਸਲਾਹਕਾਰ ਵੀ ਡੇਨੀਸ਼ੇਂਕੋ ਨੇ ਕਿਹਾ ਕਿ ਰੂਸੀ ਫ਼ੌਜ ਵੱਲੋਂ ਯੂਕਰੇਨ ਦੇ ਤੇਲ ਅਤੇ ਭੋਜਨ ਭੰਡਾਰਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਨੇ ਕਿਹਾ ਹੈ ਕਿ ਯੂਕਰੇਨ ’ਤੇ ਕੀਤੇ ਗਏ ਹਮਲੇ ’ਚ ਹੁਣ ਤੱਕ 1,790 ਵਿਅਕਤੀ ਮਾਰੇ ਜਾ ਚੁੱਕੇ ਹਨ। ਇਨ੍ਹਾਂ ’ਚੋਂ 15, ਲੜਕੀਆਂ, 32 ਲੜਕੇ ਅਤੇ 52 ਹੋਰ ਬੱਚੇ ਸ਼ਾਮਲ ਹਨ।