ਬਰਲਿਨ:ਯੂਕਰੇਨ ਦੀ ਗਣਿਤ-ਸ਼ਾਸਤਰੀ ਮੈਰੀਨਾ ਵਿਆਜ਼ੋਵਸਕਾ ਦਾ ਅੱਜ ਵੱਕਾਰੀ ਫੀਲਡਜ਼ ਮੈਡਲ ਨਾਲ ਸਨਮਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਉਸ ਦੇ ਨਾਲ ਤਿੰਨ ਹੋਰ ਵਿਅਕਤੀਆਂ ਨੂੰ ਇਹ ਸਨਮਾਨ ਦਿੱਤਾ ਜਾਵੇਗਾ। ਫੀਲਡਸ ਮੈਡਲ ਨੂੰ ਗਣਿਤ ਦਾ ਨੋਬੇਲ ਪੁਰਸਕਾਰ ਮੰਨਿਆ ਜਾਂਦਾ ਹੈ। ਇੰਟਰਨੈਸ਼ਨਲ ਕਾਂਗਰਸ ਆਫ਼ ਮੈਥੇਮੈਟੀਕਲ ਯੂਨੀਅਨ ਨੇ ਕਿਹਾ ਕਿ ਲੁਸਾਨੇ ਸਥਿਤ ਸਵਿੱਸ ਫੈਡਰਲ ਇੰਸਟੀਚਿਊਟ ਆਫ਼ ਟੈਕਨੋਲੋਜੀ ਵਿੱਚ ਨੌਕਰੀ ਕਰਦੀ ਵਿਆਜ਼ੋਵਸਕਾ ਨੂੰ ਗਣਿਤ ਵਿੱਚ ਮਿਸਾਲੀ ਕਾਰਜ ਲਈ ਸਨਮਾਨਿਤ ਕੀਤਾ ਗਿਆ ਹੈ। ਵਿਆਜ਼ੋਵਸਕਾ ਨੇ ਕਿਹਾ ਕਿ ਰੂਸ ਨੇ ਫਰਵਰੀ ਮਹੀਨੇ ਵਿੱਚ ਯੂਕਰੇਨ ’ਤੇ ਹਮਲਾ ਕੀਤਾ ਅਤੇ ਇਸ ਨੇ ਉਸ ਦੀ ਅਤੇ ਸਾਰੇ ਯੂਕਰੇ ਵਾਸੀਆਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਉਸ ਨੇ ਕਿਹਾ, ‘‘ਜਦੋਂ ਤੋਂ ਜੰਗ ਸ਼ੁਰੂ ਹੋਈ ਹੈ ਉਹ ਗਣਿਤ ਸਣੇ ਕਿਸੇ ਹੋਰ ਵਿਸ਼ੇ ਬਾਰੇ ਨਹੀਂ ਸੋਚ ਪਾ ਰਹੀ ਹੈ।’’