ਨਵੀਂ ਦਿੱਲੀ, 3 ਮਾਰਚ

ਯੂਕਰੇਨ ਵਿੱਚ ਪਹਿਲੀ ਐਡਵਾਇਜ਼ਰੀ ਜਾਰੀ ਹੋਣ ਬਾਅਦ 18 ਹਜ਼ਾਰ ਭਾਰਤੀ ਮੁਲਕ ਛੱਡ ਚੁੱਕੇ ਹਨ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ। ਬੁੱਧਵਾਰ ਨੂੰ ਜਾਰੀ ਐਡਵਾਇਜ਼ਰੀ ਬਾਅਦ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਖਾਰਕੀਵ ਛੱਡ ਕੇ ਪੇਸੋਚਿਨ ਪਹੁੰਚ ਗਏ ਹਨ, ਜਿਨ੍ਹਾਂ ਦੀ ਗਿਣਤੀ ਇਕ ਹਜ਼ਾਰ ਦੇ ਕਰੀਬ ਹੈ। ਨਾਲ ਹੀ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅਗਲੇ 24 ਘੰਟਿਆਂ ਵਿੱਚ 18 ਉਡਾਣਾਂ ਭਰੀਆਂ ਜਾਣਗੀਆਂ। ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ ਲਗਾਤਾਰ ਤੇਜ਼ ਹੋ ਰਹੀ ਹੈ। ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਖਾਰਕੀਵ, ਸੂਮੀ ਅਤੇ ਪੂਰਬੀ ਯੂਕਰੇਨ ਦੇ ਹੋਰਨਾਂ ਸ਼ਹਿਰਾਂ ਦੇ ਹਾਲਾਤ ’ਤੇ ਨੇੜਿਓਂ ਨਜ਼ਰ ਰਖ ਰਹੇ ਹਾਂ। ’’ ਉਨ੍ਹਾਂ ਕਿਹਾ ਕਿ ਸਰਕਾਰ ਦਾ ਅੰਦਾਜ਼ਾ ਹੈ ਕਿ ਐਡਵਾਇਜ਼ਰੀ ਜਾਰੀ ਹੋਣ ਦੇ ਬਾਵਜੂਦ 100 ਤੋਂ ਵੱਧ ਭਾਰਤੀ ਹਾਲੇ ਵੀ ਖਾਰਕੀਵ ਵਿਚ ਹਨ। ਉਨ੍ਹਾਂ ਕਿਹਾ ਕਿ ਭਾਰਤੀ ਅਧਿਕਾਰੀ ਯੂਕਰੇਨ ਦੇ ਖਾਰਕੀਵ ਅਤੇ ਸੂਮੀ ਵਿਚੋਂ ਭਾਰਤੀਆਂ ਨੂੰ ਕੱਢਣ ਲਈ ਯੂਕਰੇਨ ਅਤੇ ਰੂਸ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ, ‘‘ਉਥੇ ਜੰਗ ਦੇ ਹਾਲਾਤ ਹਨ ਅਤੇ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਪੂਰੀ ਸਰਕਾਰੀ ਮਸ਼ੀਨਰੀ ਦਿਨ -ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਕੁਲ 30 ਉਡਾਣਾਂ ਰਾਹੀਂ ਭਾਰਤੀਆਂ ਨੂੰ ਯੂਕਰੇਨ ਤੋਂ ਭਾਰਤ ਵਾਪਸ ਲਿਆਇਆ ਜਾ ਚੁੱਕਾ ਹੈ।