ਖੇਰਸਾਨ: ਦੱਖਣੀ ਯੂਕਰੇਨ ਵਿਚ ਡੈਮ ਟੁੱਟਣ ਕਾਰਨ ਆਏ ਹੜ੍ਹ ਦੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਕਾਰਨ ਸੈਂਕੜੇ ਲੋਕ ਘਰ ਛੱਡਣ ਲਈ ਮਜਬੂਰ ਹੋ ਗਏ ਹਨ। ਇਸ ਵੱਡੀ ਐਮਰਜੈਂਸੀ ਨੇ ਰੂਸ-ਯੂਕਰੇਨ ਦੀ ਜੰਗ ਨੂੰ ਨਵਾਂ ਮੋੜ ਦੇ ਦਿੱਤਾ ਹੈ। ਲੋਕਾਂ ਨੂੰ ਅੱਜ ਫ਼ੌਜੀ ਟਰੱਕਾਂ ਵਿਚ ਚੜ੍ਹਾ ਕੇ ਸੁਰੱਖਿਅਤ ਥਾਵਾਂ ਵੱਲ ਲਿਜਾਇਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੜ੍ਹ ਦੇ ਪਾਣੀ ਦਾ ਵਹਾਅ ਹੌਲੀ-ਹੌਲੀ ਘਟੇਗਾ। ਜ਼ਿਕਰਯੋਗ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਬੰਨ੍ਹਾਂ ’ਚ ਸ਼ੁਮਾਰ ਕਾਖੋਵਕਾ ਹਾਈਡਰੋਇਲੈਕਟ੍ਰਿਕ ਡੈਮ ਮੰਗਲਵਾਰ ਨੂੰ ਟੁੱਟ ਗਿਆ ਸੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਅਗਲੇ 20 ਘੰਟਿਆਂ ਵਿਚ ਤਿੰਨ ਫੁੱਟ ਤੱਕ ਹੋਰ ਵਧੇਗਾ।