ਨਿਊਯਾਰਕ, 28 ਅਗਸਤ

ਭਾਰਤੀ ਖਿਡਾਰੀ ਸੁਮਿਤ ਨਾਗਲ ਨੇ ਜਜ਼ਬਾ ਅਤੇ ਜੁਝਾਰੂਪਨ ਵਿਖਾਉਂਦਿਆਂ ਸੁਪਨਮਈ ਗਰੈਂਡ ਸਲੈਮ ਵਿੱਚ ਆਪਣੀ ਪਲੇਠੀ ਸ਼ੁਰੂਆਤ ਕਰਦਿਆਂ ਰੋਜਰ ਫੈਡਰਰ ਤੋਂ ਪਹਿਲਾ ਸੈੱਟ ਜਿੱਤਿਆ, ਪਰ ਅਖ਼ੀਰ ਵਿੱਚ ਉਸ ਨੂੰ ਯੂਐੱਸ ਓਪਨ ਦੇ ਪਹਿਲੇ ਗੇੜ ਦੇ ਇਸ ਮੈਚ ਵਿੱਚ ਹਾਰ ਕੇ ਬਾਹਰ ਹੋਣਾ ਪਿਆ। ਭਾਰਤ ਵਿੱਚ ਬਹੁ-ਚਰਚਿਤ ਇਸ ਮੈਚ ਵਿੱਚ ਝੱਜਰ ਦੇ 22 ਸਾਲਾ ਨਾਗਲ ਨੇ ਆਪਣੇ ਹੁਨਰ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕੀਤਾ ਅਤੇ ਸੋਮਵਾਰ ਰਾਤ ਨੂੰ ਆਰਥਰ ਐੱਸ ਸਟੇਡੀਅਮ ਵਿੱਚ ਖੇਡਿਆ ਗਿਆ ਮੁਕਾਬਲਾ 4-6, 6-1, 6-2, 6-4 ਨਾਲ ਹਾਰ ਗਿਆ। ਇਹ ਮੈਚ ਦੋ ਘੰਟੇ 25 ਮਿੰਟ ਤੱਕ ਚੱਲਿਆ।
ਨਾਗਲ ਬੀਤੇ 20 ਸਾਲਾਂ ਵਿੱਚ ਗਰੈਂਡ ਸਲੈਮ ਦੇ ਪੁਰਸ਼ ਸਿੰਗਲਜ਼ ਮੁੱਖ ਡਰਾਅ ਵਿੱਚ ਇੱਕ ਸੈੱਟ ਜਿੱਤਣ ਵਾਲਾ ਚੌਥਾ ਭਾਰਤੀ ਹੈ। ਇਸ ਵਾਰ ਖ਼ਾਸੀਅਤ ਇਹ ਸੀ ਕਿ ਉਸ ਨੇ ਇਹ ਸੈੱਟ ਫੈਡਰਰ ਖ਼ਿਲਾਫ਼ ਜਿੱਤਿਆ, ਜਿਸ ਦੇ ਨਾਂਅ 20 ਗਰੈਂਡ ਸਲੈਮ ਖ਼ਿਤਾਬ ਦਰਜ ਹਨ। ਪਿਛਲੇ ਦੋ ਦਹਾਕਿਆਂ ਵਿੱਚ ਨਾਗਲ ਤੋਂ ਪਹਿਲਾਂ ਗਰੈਂਡ ਸਲੈਮ ਟੂਰਨਾਮੈਂਟ ਵਿੱਚ ਸਿਰਫ਼ ਸੋਮਦੇਵ ਦੇਵਬਰਮਨ, ਯੂਕੀ ਭਾਂਬਰੀ ਅਤੇ ਸਾਕੇਤ ਮਾਇਨੇਨੀ ਹੀ ਇੱਕ ਸੈੱਟ ਜਿੱਤਣ ਵਿੱਚ ਕਾਮਯਾਬ ਰਹੇ ਸਨ। ਕੁਆਲੀਫਾਈਂਗ ਰਾਹੀਂ ਯੂਐੱਸ ਓਪਨ ਦੇ ਮੁੱਖ ਡਰਾਅ ਵਿੱਚ ਥਾਂ ਬਣਾਉਣ ਵਾਲੇ ਨਾਗਲ ਨੂੰ ਨਾ ਸਿਰਫ਼ 58 ਹਜ਼ਾਰ ਡਾਲਰ ਦੀ ਰਕਮ ਮਿਲੇਗੀ, ਸਗੋਂ ਉਸ ਨੂੰ ਇਸ ਮੈਚ ਤੋਂ ਜੋ ਤਜਰਬਾ ਹਾਸਲ ਹੋਇਆ ਉਹ ਅੱਗੇ ਵੀ ਉਸ ਦੇ ਕੰਮ ਆਵੇਗਾ। ਫੈਡਰਰ ਨੇ ਕਿਹਾ, ‘‘ਇਹ ਮੇਰੇ ਲਈ ਮੁਸ਼ਕਲ ਸੈੱਟ ਸੀ। ਉਸ ਨੇ ਬਹੁਤ ਚੰਗੀ ਖੇਡ ਵਿਖਾਈ ਅਤੇ ਉਹ ਇਸ ਦਾ ਹੱਕਦਾਰ ਹੈ। ਮੈਂ ਕਈ ਗੇਂਦਾਂ ਨੂੰ ਖੇਡਣ ਤੋਂ ਖੁੰਝ ਗਿਆ ਅਤੇ ਮੈਂ ਗ਼ਲਤੀਆਂ ਘਟਾਉਣ ’ਤੇ ਧਿਆਨ ਦੇ ਰਿਹਾ ਸੀ। ਉਮੀਦ ਹੈ ਕਿ ਅੱਗੇ ਮੈਂ ਬਿਹਤਰ ਪ੍ਰਦਰਸ਼ਨ ਕਰਾਂਗਾ।’’
ਫੈਡਰਰ ਤੋਂ ਪੁੱਛਿਆ ਗਿਆ ਕਿ ਮੈਚ ਦੌਰਾਨ ਉਸ ਨੂੰ ਲੱਗਿਆ ਕਿ ਉਹ ਨਾਗਲ ਨਹੀਂ, ਸਗੋਂ ਨਡਾਲ ਖ਼ਿਲਾਫ਼ ਖੇਡ ਰਿਹਾ ਹੈ ਕਿਉਂਕਿ ਦੋਵਾਂ ਦੇ ਨਾਂਅ ਵਿਚਾਲੇ ਸਿਰਫ਼ ‘ਡੀ’ ਅਤੇ ‘ਜੀ’ ਦਾ ਫ਼ਰਕ ਹੈ। ਇਸ ’ਤੇ ਸਵਿੱਸ ਸਟਾਰ ਨੇ ਕਿਹਾ, ‘‘ਨਹੀਂ। ਇਹ ਤੁਹਾਡੇ ਲੋਕਾਂ ਅਤੇ ਸੋਸ਼ਲ ਮੀਡੀਆ ਲਈ ਹੈ।’’
ਮੈਚ ਵਿੱਚ ਫੈਡਰਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਪਰ ਨਾਗਲ ਲਈ ਇਹ ਸ਼ਾਨਦਾਰ ਆਗਾਜ਼ ਸੀ। ਇਸ ਭਾਰਤੀ ਨੇ ਪਹਿਲਾ ਸੈੱਟ ਜਿੱਤ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਉਸ ਨੇ ਤੀਜੀ ਗੇਮ ਵਿੱਚ ਫੈਡਰਰ ਦੇ ਡਬਲ ਫਾਲਟ ਦਾ ਫ਼ਾਇਦਾ ਉਠਾ ਕੇ ਬਰੇਕ ਪੁਆਇੰਟ ਲਿਆ। ਫੈਡਰਰ ਜਦੋਂ ਏਟੀਪੀ ਰੈਂਕਿੰਗ ਵਿੱਚ 190ਵੇਂ ਨੰਬਰ ਦੇ ਖਿਡਾਰੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਨਾਗਲ ਨੇ ਆਪਣੇ ਰਿਟਰਨ ਅਤੇ ਫੋਰਹੈਂਡ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਫੈਡਰਰ ਅਤੇ ਦਰਸ਼ਕ ਕੁੱਝ ਸਮਝ ਪਾਉਂਦੇ ਨਗਾਲ ਨੇ ਦੂਜੀ ਵਾਰ ਉਸ ਦੀ ਸਰਵਿਸ ਤੋੜ ਦਿੱਤੀ। ਇਸ ਮਗਰੋਂ ਉਸ ਨੇ 0-30 ਨਾਲ ਪੱਛੜਣ ਮਗਰੋਂ ਆਪਣੀ ਸਰਵਿਸ ਬਚਾਈ। ਨਾਗਲ ਨੇ ਆਪਣੇ ਕਰਾਰੇ ਸ਼ਾਟ ਨਾਲ ਫੈਡਰਰ ਨੂੰ ਨੈੱਟ ’ਤੇ ਆਉਣ ਦਾ ਮੌਕਾ ਨਹੀਂ ਦਿੱਤਾ। ਇਸ ਦੌਰਾਨ ਫੈਡਰਰ ਆਪਣੀਆਂ ਗ਼ਲਤੀਆਂ ’ਤੇ ਕਾਬੂ ਪਾਉਣ ਲਈ ਸੰਘਰਸ਼ ਕਰ ਰਿਹਾ ਸੀ। ਫੈਡਰਰ ਨੇ ਪਹਿਲੇ ਸੈੱਟ ਵਿੱਚ 19 ਸਹਿਜ ਗ਼ਲਤੀਆਂ ਕੀਤੀਆਂ, ਜਦਕਿ ਨਾਗਲ ਨੇ ਸਿਰਫ਼ ਨੌਂ। ਇਸ ਮਗਰੋਂ ਉਮੀਦਾਂ ਵਧ ਗਈਆਂ, ਪਰ ਫੈਡਰਰ ਨੇ ਖ਼ੁਦ ਨੂੰ ਸੰਭਾਲਿਆ ਅਤੇ ਫਿਰ ਨਾਗਲ ਨੂੰ ਆਪਣੀ ਅਸਲੀ ਖੇਡ ਵਿਖਾਈ।