ਨਿਊਯਾਰਕ, 15 ਸਾਲਾਂ ਦੀ ਅਮਰੀਕੀ ਖਿਡਾਰਨ ਕੋਕੋ ਗੌਫ਼ ਤੀਜੇ ਗੇੜ ਦੇ ਮੁਕਾਬਲੇ ਵਿੱਚ ਪਿਛਲੀ ਚੈਂਪੀਅਨ ਅਤੇ ਦੁਨੀਆਂ ਦੀ ਨੰਬਰ ਇਕ ਖਿਡਾਰਨ ਨਾਓਮੀ ਓਸਾਕਾ ਨਾਲ ਭਿੜੇਗੀ ਜਦੋਂਕਿ ਪੁਰਸ਼ ਵਰਗ ਵਿੱਚ ਰਾਫ਼ੇਲ ਨਡਾਲ ਵਾਕਓਵਰ ਮਿਲਣ ਨਾਲ ਯੂਐੱਸ ਓਪਨ ਗਰੈਂਡਸਲੇਮ ਟੂਰਨਾਮੈਂਟ ਦੀ ਤੀਜੇ ਗੇੜ ’ਚ ਪਹੁੰਚਿਆ।
ਮੌਜੂਦਾ ਵਿੰਬਲਡਨ ਚੈਂਪੀਅਨ ਸਿਮੋਨਾ ਹਾਲੇਪ ਲਗਾਤਾਰ ਤੀਜੇ ਸਾਲ ਅਮਰੀਕੀ ਓਪਨ ਦੇ ਸ਼ੁਰੂਆਤੀ ਗੇੜ ’ਚ ਹੀ ਬਾਹਰ ਹੋ ਗਈ। ਉਹ ਤਿੰਨ ਸੈੱਟਾਂ ਤੱਕ ਚੱਲ ਮੁਕਾਬਲੇ ਵਿੱਚ 116ਵੀਂ ਰੈਂਕਿੰਗ ਦੀ ਟੇਲਰ ਟਾਊਨਸੈੱਡ ਤੋਂ ਹਾਰ ਕੇ ਉਲਟਫੇਰ ਦਾ ਸ਼ਿਕਾਰ ਹੋਈ। ਕੋਕੋ ਗੌਫ਼ ਨੇ ਹੰਗਰੀ ਦੀ ਕੁਆਲੀਫਾਇਰ ਟਿਮਿਆ ਬਾਬੋਸ ਨੂੰ 6-2, 4-6, 6-4 ਨਾਲ ਮਾਤ ਦਿੱਤੀ ਜਿਸ ਨਾਲ ਉਹ 1996 ’ਚ ਐਨਾ ਕੋਰਨੀਕੋਵਾ ਤੋਂ ਬਾਅਦ ਅਮਰੀਕੀ ਓਪਨ ਦੇ ਆਖ਼ਰੀ 32 ਵਿੱਚ ਪਹੁੰਚਣ ਵਾਲੀ ਨੌਜਵਾਨ ਖਿਡਾਰਨ ਬਣ ਗਈ। ਕੋਕੋ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਸ਼ਾਨਦਾਰ ਰਿਹਾ। ਉਹ ਅਗਲੇ ਗੇੜ ’ਚ ਪਹੁੰਚ ਕੇ ਖੁਸ਼ ਹੈ। ਅਗਲੇ ਗੇੜ ’ਚ ਓਸਾਕਾ ਨਾਲ ਹੋਣ ਵਾਲੇ ਮੁਕਾਬਲੇ ਬਾਰੇ ਉਸ ਨੇ ਕਿਹਾ ਕਿ ਉਹ ਇਸ ਮੈਚ ਬਾਰੇ ਬਾਅਦ ਵਿੱਚ ਸੋਚੇਗੀ, ਕਿਉਂਕਿ ਉਸ ਤੋਂ ਪਹਿਲਾਂ ਉਸ ਦਾ ਡਬਲਜ਼ ਦਾ ਮੈਚ ਹੈ।
ਤਿੰਨ ਵਾਰ ਦੇ ਯੂਐੱਸ ਓਪਨ ਚੈਂਪੀਅਨ ਨਡਾਲ ਨੇ ਆਸਟਰੇਲੀਆ ਦੇ ਥਾਨਾਸੀ ਕੋਕੀਨਾਕਿਸ ਦੇ ਸੱਟ ਲੱਗਣ ਕਾਰਨ ਹਟਣ ਨਾਲ ਅਗਲੇ ਗੇੜ ’ਚ ਪ੍ਰਵੇਸ਼ ਕੀਤਾ। ਹੁਣ 18 ਵਾਰ ਦਾ ਗਰੈਂਡਸਲੇਮ ਜੇਤੂ ਆਖ਼ਰੀ 16 ਵਿੱਚ ਜਗ੍ਹਾ ਬਣਾਉਣ ਲਈ ਦੱਖਣੀ ਕੋਰਿਆਈ ਕੁਆਲੀਫਾਇਰ ਚੁੰਗ ਹਿਓਨ ਨਾਲ ਹੋਵੇਗਾ। ਬਿੱਗ ਥ੍ਰੀ ਦੇ ਦੋ ਖਿਡਾਰੀ ਨੋਵਾਕ ਜੋਕੋਵਿਚ ਅਤੇ ਰੋਜਰ ਫੈਡਰਰ ਡਰਾਅ ਦੇ ਦੂਜੇ ਅੱਧ ਵਿੱਚ ਹਨ। ਉਨ੍ਹਾਂ ਦੇ ਅੱਧ ਵਿੱਚ ਛੇਵਾਂ ਦਰਜਾ ਐਲੇਗਜ਼ੈਂਡਰ ਜਵੇਰੇਵ ਸਿਖ਼ਰਲਾ ਦਰਜਾ ਖਿਡਾਰੀ ਹੈ ਜਿਸ ਨੇ ਅਮਰੀਕਾ ਦੇ ਫਰਾਂਸੇਸ ਟਿਆਫੋ ਨੂੰ ਪੰਜ ਸੈੱਟ ਤੱਕ ਚੱਲੇ ਮੈਰਾਥਨ ਮੁਕਾਬਲੇ ਵਿੱਚ 6-3, 3-6, 6-2, 2-6, 6-3 ਨਾਲ ਹਰਾਇਆ। ਮਹਿਲਾਵਾਂ ਦੇ ਵਰਗ ਵਿੱਚ ਟਾਊਨਸੈਂਡ ਨੇ ਚੌਥਾ ਦਰਜਾ ਹਾਲੇਪ ਨੂੰ 2-6, 6-3, 7-6 ਨਾਲ ਮਾਤ ਦਿੱਤਾ ਜੋ 2017 ਤੇ 2018 ’ਚ ਵੀ ਸ਼ੁਰੂਆਤੀ ਗੇੜ ’ਚੋਂ ਬਾਹਰ ਹੋ ਗਈ ਸੀ। ਸਿਖ਼ਰਲਾ ਦਰਜਾ ਓਸਾਕਾ ਨੇ ਪੋਲੈਂਡ ਦੀ 53 ਰੈਂਕਿੰਗ ਦੀ ਮਾਗਡਾ ਲਿਨੈਟੇ ਨੂੰ 6-2, 6-4 ਨਾਲ ਹਰਾਇਆ। ਐਂਦਰੀਆ ਪੇਤਕੋਵਿਚ ਨੇ ਚੈੱਕ ਗਣਰਾਜ ਦੀ ਛੇਵਾਂ ਦਰਜਾ ਪ੍ਰਾਪਤ ਪੇਤਰਾ ਕਵਿਤੋਵਾ ਨੂੰ 6-4, 6-4 ਨਾਲ ਹਰਾਇਆ। 15ਵਾਂ ਦਰਜਾ ਪ੍ਰਾਪਤ ਬਿਆਂਕਾ ਆਂਦਰੇਸਕੂ ਅਤੇ ਦੋ ਵਾਰ ਦੀ ਉਪ ਜੇਤੂ ਕੈਰੋਲਿਨ ਵੋਜ਼ਨਿਆਕੀ ਨੇ ਵੀ ਅਗਲੇ ਗੇੜ ਵਿੱਚ ਜਗ੍ਹਾ ਯਕੀਨੀ ਬਣਾਈ। ਪੁਰਸ਼ਾਂ ਵਿੱਚੋਂ ਪੰਜਵਾਂ ਦਰਜਾ ਦਾਨਿਲ ਮੈਦਵੇਦੇਵ ਨੇ ਬੋਲੀਵਿਆ ਦੇ ਹੁਗੋ ਡੇਲਿਨ ਨੂੰ 6-3, 7-5, 5-7, 6-3 ਨਾਲ ਮਾਤ ਦਿੱਤੀ ਜਦੋਂਕਿ 2016 ਯੂਐੱਸ ਓਪਨ ਚੈਂਪੀਅਨ ਸਟੇਨ ਵਾਵਰਿੰਕਾ ਨੇ ਜੈਰੇਮੀ ਚਾਰਡੀ ਨੂੰ ਚਾਰ ਸੈੱਟ ’ਚ ਹਰਾਇਆ।