ਨਿਊਯਾਰਕ, ਪੰਜ ਵਾਰ ਦੇ ਵਿੰਬਲਡਨ ਚੈਂਪੀਅਨ ਰੌਜਰ ਫੈਡਰਰ ਨੇ ਆਸਟਰੇਲੀਆ ਦੇ ਨਿੱਕ ਕਿਰਗਿਓਸ ਨੂੰ 6-4, 6-1, 7-5 ਨਾਲ ਹਰਾ ਕੇ ਯੂਐੱਸ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਦੂਜਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਖਿਡਾਰੀ ਨੇ ਕਿਰਗਿਓਸ ਖ਼ਿਲਾਫ਼ ਨੈੱਟ ’ਤੇ ਸ਼ਾਨਦਾਰ ਖੇਡ ਦਿਖਾਉਂਦਿਆਂ 51 ਜੇਤੂ ਅੰਕ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕਿਰਗਿਓਸ ਹਾਲਾਂਕਿ ਪਹਿਲੇ ਸੈੱਟ ਦੇ ਸੱਤਵੇਂ ਗੇਮ ਵਿੱਚ ਚਾਰ ਬ੍ਰੇਕ ਪੁਆਇੰਟਸ ਵਿੱਚੋਂ ਜੇਕਰ ਇਕ ਵੀ ਹਾਸਲ ਕਰ ਲੈਂਦੇ ਤਾਂ ਮੈਚ ਦਾ ਨਤੀਜਾ ਕੁਝ ਹੋਰ ਹੋ ਸਕਦਾ ਸੀ। ਫੈਡਰਰ ਨੂੰ ਹੁਣ 13ਵੀਂ ਵਾਰ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਪੱਕੀ ਕਰਨ ਲਈ ਜੌਨ੍ਹ ਮਿਲਮੈਨ ਨਾਲ ਭਿੜਨਾ ਹੋਵੇਗਾ। ਉਹ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਆਖ਼ਰੀ 16 ਵਿੱਚ ਪਹੁੰਚੇ ਹਨ। ਫੈਡਰਰ ਜੇ ਮਿਲਮੈਨ ਦੀ ਚੁਣੌਤੀ ਸਰ ਕਰ ਲੈਂਦੇ ਹਨ ਤਾਂ ਕੁਆਰਟਰ ਫਾਈਨਲ ਵਿੱਚ ਉਨ੍ਹਾਂ ਦਾ ਸਾਹਮਣਾ ਵਿੰਬਲਡਨ ਦੇ ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਨਾਲ ਹੋ ਸਕਦਾ ਹੈ। ਯੂਐੱਸ ਓਪਨ ਜਿੱਤ ਚੁੱਕੇ ਜੋਕੋਵਿਚ ਨੇ ਰਿਚਰਡ ਗਾਸਕੇਟ ਨੂੰ 6-2, 6-3, 6-3 ਨਾਲ ਹਰਾਇਆ। ਇਸ ਤੋਂ ਇਲਾਵਾ ਪੁਰਤਗਾਲ ਦੇ ਜੋਆਓ ਸੋਊਸਾ, ਜਰਮਨੀ ਦੇ ਫਿਲਿਪ ਕੋਲਸ਼੍ਰਾਈਬਰ, ਜਪਾਨ ਦੇ ਕੇਈ ਨਿਸ਼ੀਕੋਰੀ ਵੀ ਆਖ਼ਰੀ 16 ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ ਹਨ। ਟੂਰਨਾਮੈਂਟ ਦੇ ਮਹਿਲਾ ਵਰਗ ਵਿੱਚ ਰੂਸੀ ਸਟਾਰ ਮਾਰੀਆ ਸ਼ਾਰਾਪੋਵਾ ਲਈ ਇੱਥੋਂ ਦਾ ਬਿਲੀ ਜੀਨ ਕਿੰਗ ਨੈਸ਼ਨਲ ਟੈਨਿਸ ਸੈਂਟਰ ਇਕ ਵਾਰ ਫੇਰ ਖੁਸ਼ਕਿਸਮਤ ਸਾਬਿਤ ਹੋਇਆ ਹੈ। ਉਸ ਨੇ ਅਮਰੀਕੀ ਓਪਨ ਦੇ ਤੀਜੇ ਦੌਰ ਵਿੱਚ ਦਸਵਾਂ ਦਰਜਾ ਹਾਸਲ ਯੇਲੇਨਾ ਓਸਟਾਪੈਂਕੋ ਨੂੰ ਮਾਤ ਦਿੱਤੀ। ਇਸ ਤੋਂ ਇਲਾਵਾ ਸਿਖ਼ਰਲੇ ਦਸਾਂ ਵਿੱਚ ਸ਼ਾਮਲ ਐਂਜਲੀਕ ਕਰਬਰ, ਕੈਰੋਲੀਨ ਗਾਰਸੀਆ ਤੇ ਪੇਟ੍ਰਾ ਕਵਿਤੋਵਾ ਨੂੰ ਤੀਜੇ ਦੌਰ ਵਿੱਚ ਹਾਰ ਨਸੀਬ ਹੋਈ ਹੈ। ਉਸ ਨੇ 2017 ਦੀ ਫ੍ਰੈਂਚ ਓਪਨ ਜੇਤੂ ਨੂੰ ਇਕਪਾਸੜ ਮੁਕਾਬਲੇ ਵਿੱਚ 6-3, 6-2 ਨਾਲ ਹਰਾਇਆ। ਚੌਥੇ ਗੇੜ ਵਿੱਚ ਉਸ ਦਾ ਸਾਹਮਣਾ ਸਪੇਨ ਦੀ ਕਾਰਲਾ ਸੁਆਰੇਜ਼ ਨਾਲ ਹੋਵੇਗਾ। ਇਸ ਤੋਂ ਇਲਾਵਾ ਸਲੋਵਾਕੀਆ ਦੀ ਡੋਮੀਨਿਕਾ ਸਿਬੁਲਕੋਵਾ, ਮੈਡਿਸਨ ਕਿਜ, ਬੇਲਾਰੂਸ ਦੀ ਆਇਰਾਨਾ ਸਬਾਲੇਂਕਾ, ਜਪਾਨ ਦੀ ਨਾਓਮੀ ਓਸਾਕਾ, ਚੈੱਕ ਗਣਰਾਜ ਦੀ ਮਾਰਕੇਟਾ ਵੋਂਦਰੌਸੋਵਾ, ਯੂਕਰੇਨ ਦੀ ਲੋਸਿਆ ਸੁਰੈਂਕੋ ਵੀ ਆਖ਼ਰੀ 16 ਵਿੱਚ ਪਹੁੰਚੀਆਂ ਹਨ।