ਨਿਊਯਾਰਕ, ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ, ਰਾਫੇਲ ਨਡਾਲ ਅਤੇ ਰੋਜਰ ਫੈਡਰਰ ਸੋਮਵਾਰ ਤੋਂ ਇੱਥੇ ਫਲਸ਼ਿੰਗ ਮੀਡੋਜ਼ ਹਾਰਡਕੋਰਟ ਵਿੱਚ ਸ਼ੁਰੂ ਹੋਣ ਵਾਲੇ ਯੂਐੱਸ ਓਪਨ ਦੇ ਪੁਰਸ਼ ਵਰਗ ਵਿੱਚ ਮਜ਼ਬੂਤ ਦਾਅਵੇਦਾਰ ਹੋਣਗੇ ਅਤੇ ਮਹਿਲਾ ਵਰਗ ਵਿੱਚ ਸੇਰੇਨਾ ਵਿਲੀਅਮਜ਼ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕਰੇਗੀ।
ਕਈ ਨੌਜਵਾਨ ਖਿਡਾਰੀ ਪੁਰਸ਼ ਟੈਨਿਸ ਦੇ ‘ਬਿੱਗ ਥ੍ਰੀ’ ਵਜੋਂ ਪ੍ਰਸਿੱਧ ਜੋਕੋਵਿਚ, ਨਡਾਲ ਤੇ ਫੈਡਰਰ ਦੀ ਚੁਣੌਤੀ ਸ਼ੁਰੂਆਤੀ ਗੇੜ ਵਿੱਚ ਹੀ ਖ਼ਤਮ ਕਰਨ ਦੀ ਕੋਸ਼ਿਸ਼ ਕਰਨਗੇ, ਹਾਲਾਂਕਿ ਇਹ ਇੰਨਾ ਸੌਖਾ ਨਹੀਂ ਹੋਵੇਗਾ। ਦੁਨੀਆਂ ਦਾ ਅੱਵਲ ਨੰਬਰ ਖਿਡਾਰੀ ਜੋਕੋਵਿਚ ਆਪਣੇ 16 ਗਰੈਂਡ ਸਲੈਮ ਖ਼ਿਤਾਬ ਵਿੱਚ ਇੱਕ ਹੋਰ ਜੋੜਨ ਦਾ ਯਤਨ ਕਰੇਗਾ। ਇਸੇ ਤਰ੍ਹਾਂ 20 ਗਰੈਂਡ ਸਲੈਮ ਜੇਤੂ ਫੈਡਰਰ ਆਪਣੇ ਖ਼ਿਤਾਬਾਂ ਦੀ ਗਿਣਤੀ ਵਧਾਉਣ ਦੇ ਇਰਾਦੇ ਨਾਲ ਉਤਰੇਗਾ। ਫੈਡਰਰ, ਜੋਕੋਵਿਚ ਅਤੇ ਨਡਾਲ ਨੇ ਕੁੱਲ 11 ਗਰੈਂਡ ਸਲੈਮ ਖ਼ਿਤਾਬ ਹਾਸਲ ਕੀਤੇ ਹਨ। ਸਵਿੱਸ ਖਿਡਾਰੀ ਨੇ ਕਿਹਾ, ‘‘ਨੋਵਾਕ, ਰਾਫਾ ਅਤੇ ਮੈਂ ਸਿਹਤਯਾਬ ਹਾਂ। ਐਂਡੀ ਮਰੇ ਵੀ ਹੌਲੀ-ਹੌਲੀ ਵਾਪਸੀ ਕਰ ਰਿਹਾ ਹੈ। ਇਸ ਨਾਲ ਨੌਜਵਾਨ ਖਿਡਾਰੀਆਂ ਲਈ ਮੁਸ਼ਕਲ ਹੋ ਜਾਵੇਗੀ।’’
ਜੋਕੋਵਿਚ ਨੇ ਪਿਛਲੇ ਪੰਜ ਵਿੱਚੋਂ ਚਾਰ ਗਰੈਂਡ ਸਲੈਮ ਜਿੱਤੇ ਹਨ, ਜੂਨ ਵਿੱਚ ਫਰੈਂਚ ਓਪਨ ਫਾਈਨਲ ਵਿੱਚ ਉਸ ਨੂੰ ਨਡਾਲ ਤੋਂ ਹਾਰ ਮਿਲੀ ਸੀ। ਨਡਾਲ ਨੇ ਰੋਮ, ਫਰੈਂਚ ਓਪਨ ਅਤੇ ਮੌਂਟਰੀਅਲ ਵਿੱਚ ਖ਼ਿਤਾਬੀ ਜਿੱਤ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਉਹ ਵਿੰਬਲਡਨ ਦੇ ਸੈਮੀ-ਫਾਈਨਲ ਵਿੱਚ ਫੈਡਰਰ ਤੋਂ ਹਾਰ ਗਿਆ ਸੀ। ਦੂਜੀ ਦਰਜਾਬੰਦੀ ਦੇ ਖਿਡਾਰੀ ਨਡਾਲ ਨੇ ਜੂਨ ਵਿੱਚ 12ਵਾਂ ਫਰੈਂਚ ਓਪਨ ਖ਼ਿਤਾਬ ਜਿੱਤਿਆ ਸੀ।
ਰੂਸ ਦੇ ਡੇਨਿਲ ਮੈਦਵੇਦੇਵ ਨੇ ਯੂਐੱਸ ਓਪਨ ਦੀਆਂ ਤਿਆਰੀਆਂ ਲਈ ਕਰਵਾਏ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ, ਉਸ ਨੇ ਸਿਨਸਿਨਾਟੀ ਵਿੱਚ ਖ਼ਿਤਾਬ ਜਿੱਤਿਆ ਅਤੇ ਵਾਸ਼ਿੰਗਟਨ ਅਤੇ ਮੌਂਟਰੀਅਲ ਵਿੱਚ ਉਪ ਜੇਤੂ ਰਿਹਾ। ਆਸਟਰੇਲੀਆ ਦੇ ਚੌਥਾ ਦਰਜਾ ਪ੍ਰਾਪਤ ਡੌਮੀਨਿਕ ਥੀਮ ਰੋਲਾਂ ਗੈਰਾਂ ਫਾਈਨਲ ਵਿੱਚ ਨਡਾਲ ਤੋਂ ਹਾਰ ਗਿਆ ਸੀ ਅਤੇ ਉਹ ਵੀ ਖ਼ਤਰਾ ਬਣ ਸਕਦਾ ਹੈ। ਜਰਮਨੀ ਦੇ ਛੇਵਾਂ ਦਰਜਾ ਪ੍ਰਾਪਤ ਅਲੈਕਜ਼ੈਂਡਰ ਜੈਵੇਰੇਵ ਨੇ ਚਿਤਾਵਨੀ ਦਿੱਤੀ ਕਿ ਘੱਟ ਦਰਜਾ ਪ੍ਰਾਪਤ ਖਿਡਾਰੀਆਂ ਨੂੰ ਅਣਗੌਲਿਆ ਕਰਨਾ ਸਹੀ ਨਹੀਂ ਹੋਵੇਗਾ ਜਿਸ ਵਿੱਚ ਜਾਪਾਨ ਦੇ ਸੱਤਵਾਂ ਦਰਜਾ ਪ੍ਰਾਪਤ ਕੇਈ ਨਿਸ਼ੀਕੋਰੀ ਅਤੇ ਯੂਨਾਨ ਦਾ ਅੱਠਵਾਂ ਦਰਜਾ ਪ੍ਰਾਪਤ ਸਟੈਫਾਨੋਜ਼ ਸਿਨਸਿਪਾਸ ਸ਼ਾਮਲ ਹੈ।