ਨਿਊਯਾਰਕ, 8 ਸਤੰਬਰ
ਦੁਨੀਆ ਦੇ ਨੰਬਰ ਇਕ ਖਿਡਾਰੀ ਕਾਰਲੋਸ ਅਲਕਰਾਜ਼ ਤੇ ਰੂਸ ਦੇ ਤੀਜਾ ਦਰਜਾ ਪ੍ਰਾਪਤ ਦਾਨਿਲ ਮੈਦਵੇਦੇਵ ਨੇ ਖਰਾਬ ਮੌਸਮ ਦੇ ਬਾਵਜੂਦ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਈ, ਜਿੱਥੇ ਉਹ ਆਹਮੋ-ਸਾਹਮਣੇ ਹੋਣਗੇ। ਮਹਿਲਾ ਸਿੰਗਲਜ਼ ਵਿੱਚ ਆਰੀਅਨਾ ਸਬਾਲੈਂਕਾ ਨੇ 23ਵਾਂ ਦਰਜਾ ਪ੍ਰਾਪਤ ਜ਼ੇਂਗ ਕਿਨਵੇਨ ਨੂੰ 6-1, 6-4 ਨਾਲ ਹਰਾ ਕੇ ਗਰੈਂਡਸਲੈਮ ਮੁਕਾਬਲਿਆਂ ਵਿੱਚ ਲਗਾਤਾਰ ਪੰਜਵੀਂ ਵਾਰ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਪਿਛਲੀ ਵਾਰ ਦੇ ਚੈਂਪੀਅਨ ਅਲਕਰਾਜ਼ ਨੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ 6-3, 6-2, 6-4 ਨਾਲ ਹਰਾਇਆ। ਉਹ ਹੁਣ ਯੂਐੱਸ ਓਪਨ ਵਿੱਚ ਲਗਾਤਾਰ ਦੂਜੇ ਖ਼ਿਤਾਬ ਦੇ ਨੇੜੇ ਪਹੁੰਚ ਗਿਆ ਹੈ। ਰੋਜਰ ਫੈਡਰਰ ਨੇ 2004 ਤੋਂ 2008 ਤੱਕ ਇੱਥੇ ਲਗਾਤਾਰ ਪੰਜ ਖ਼ਿਤਾਬ ਜਿੱਤੇ ਸਨ। ਇਸ ਤੋਂ ਬਾਅਦ ਪੁਰਸ਼ ਸਿੰਗਲਜ਼ ਵਿੱਚ ਕੋਈ ਵੀ ਖਿਡਾਰੀ ਆਪਣੇ ਖ਼ਿਤਾਬ ਦਾ ਬਚਾਅ ਨਹੀਂ ਕਰ ਸਕਿਆ।
ਇਸ ਤੋਂ ਪਹਿਲਾਂ ਮੈਦਵੇਦੇਵ ਨੇ ਅਤਿ ਦੀ ਗਰਮੀ ਵਿਚਾਲੇ ਹਮਵਤਨ ਆਂਦਰੇ ਰੂਬਲੇਵ ਨੂੰ ਹਰਾ ਕੇ ਚੌਥੀ ਵਾਰ ਯੂਐੱਸ ਓਪਨ ਦੇ ਪੁਰਸ਼ ਸਿੰਗਲਜ਼ ਦੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਈ। ਫਲੱਸ਼ਿੰਗ ਮੀਡੋਜ਼ ’ਚ ਪਾਰਾ 35 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਅਤੇ ਅਜਿਹੇ ਵਿੱਚ ਖੇਡਣਾ ਆਸਾਨ ਨਹੀਂ ਸੀ। ਮੈਦਵੇਦੇਵ ਨੇ ਮੈਚ ਦੌਰਾਨ ‘ਇਨਹੇਲਰ’ ਦਾ ਇਸਤੇਮਾਲ ਕੀਤਾ ਅਤੇ ਡਾਕਟਰ ਦੀ ਮਦਦ ਵੀ ਲਈ। ਉਹ ਹਾਲਾਂਕਿ, ਰੂਬਲੇਵ ਨੂੰ 6-4, 6-3, 6-4 ਨਾਲ ਹਰਾਉਣ ਵਿੱਚ ਸਫਲ ਰਿਹਾ। ਮੈਦਵੇਦੇਵ ਨੇ ਮੈਚ ਤੋਂ ਬਾਅਦ ਕਿਹਾ ਕਿ ਤੇਜ਼ ਗਰਮੀ ਕਰ ਕੇ ਖਿਡਾਰੀਆਂ ਨੂੰ ਮੁਸ਼ਕਲ ’ਚੋਂ ਲੰਘਣਾ ਪੈ ਸਕਦਾ ਹੈ। ਜੇਕਰ ਅਲਕਰਾਜ਼ ਸੈਮੀ ਫਾਈਨਲ ਵਿੱਚ ਜਿੱਤ ਦਰਜ ਕਰਦਾ ਹੈ ਤਾਂ ਫਾਈਨਲ ਵਿੱਚ ਉਸ ਦਾ ਮੁਕਾਬਲਾ ਨੋਵਾਕ ਜੋਕੋਵਿਚ ਨਾਲ ਹੋ ਸਕਦਾ ਹੈ ਜਿਸ ਨੂੰ ਉਸ ਨੇ ਵਿੰਬਲਡਨ ਦੇ ਖ਼ਿਤਾਬੀ ਮੁਕਾਬਲੇ ਵਿੱਚ ਹਰਾਇਆ ਸੀ। ਜੋਕੋਵਿਚ ਇਕ ਹੋਰ ਸੈਮੀ ਫਾਈਨਲ ਵਿੱਚ ਅਮਰੀਕਾ ਦੇ 20 ਸਾਲਾ ਖਿਡਾਰੀ ਬੇਨ ਸ਼ੈਲਟਨ ਦਾ ਸਾਹਮਣਾ ਕਰੇਗਾ। ਸ਼ੈਲਟਨ ਪਹਿਲੀ ਵਾਰ ਕਿਸੇ ਗਰੈਂਡਸਲੇਮ ਟੂਰਨਾਮੈਂਟ ਦੇ ਆਖਰੀ ਚਾਰ ਵਿੱਚ ਪਹੁੰਚਿਆ ਹੈ। ਮਹਿਲਾ ਸਿੰਗਲਜ਼ ਵਿੱਚ ਆਰੀਅਨਾ ਸਬਾਲੈਂਕਾ ਨੇ 23ਵਾਂ ਦਰਜਾ ਪ੍ਰਾਪਤ ਜ਼ੇਂਗ ਕਿਨਵੇਨ ਨੂੰ 6-1, 6-4 ਨਾਲ ਹਰਾ ਕੇ ਗਰੈਂਡਸਲੇਮ ਮੁਕਾਬਲਿਆਂ ਵਿੱਚ ਲਗਾਤਾਰ ਪੰਜਵੀਂ ਵਾਰ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੂਜਾ ਦਰਜਾ ਪ੍ਰਾਪਤ ਸਬਾਲੈਂਕਾ ਅਗਲੇ ਹਫਤੇ ਜਾਰੀ ਹੋਣ ਵਾਲੀ ਡਬਲਿਊਟੀਏ ਰੈਂਕਿੰਗਜ਼ ਵਿੱਚ ਦੁਨੀਆ ਦੀ ਨੰਬਰ ਇਕ ਖਿਡਾਰਨ ਬਣ ਜਾਵੇਗੀ। ਸੈਮੀ ਫਾਈਨਲ ’ਚ ਉਹ ਅਮਰੀਕਾ ਦੀ ਮੈਡੀਸਨ ਕੀਜ਼ ਨਾਲ ਭਿੜੇਗੀ।