ਨਿਊਯਾਰਕ, ਖੱਬੇ ਪੈਰ ਦੀ ਸੱਟ ਕਾਰਨ 11 ਮਹੀਨੇ ਬਾਹਰ ਰਹਿਣ ਤੋਂ ਬਾਅਦ ਜੁਲਾਈ ਵਿੱਚ ਵਾਪਸੀ ਕਰਨ ਵਾਲੀ ਸਲੋਨ ਸਟੀਫਨਜ਼ ਨੇ ਇੱਥੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਸਾਥੀ ਅਮਰੀਕੀ ਖਿਡਾਰਨ ਮੈਡੀਸਨ ਕੀਜ਼ ਨੂੰ 6-3, 6-0 ਨਾਲ ਹਰਾ ਕੇ ਆਪਣਾ ਪਹਿਲਾ ਮਹਿਲਾ ਸਿੰਗਲਜ਼ ਗਰੈਂਡਸਲੈਮ ਖ਼ਿਤਾਬ ਜਿੱਤਿਆ। ਸਟੀਫਨਜ਼ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ 37 ਲੱਖ ਡਾਲਰ ਦੀ ਇਨਾਮੀ ਰਾਸ਼ੀ ਆਪਣੇ ਨਾਂ ਕੀਤੀ।
ਗਿਆਰਾਂ ਮਹੀਨਿਆਂ ਤੱਕ ਟੈਨਿਸ ਕੋਰਟ ਤੋਂ ਦੂਰ ਰਹਿਣ ਤੋਂ ਬਾਅਦ ਇਸ ਸਾਲ ਵਿੰਬਲਡਨ ਵਿੱਚ 957ਵੀਂ ਰੈਂਕਿੰਗ ਦੇ ਨਾਲ ਕੋਰਟ ’ਤੇ ਵਾਪਸੀ ਕੀਤੀ ਸੀ। ਪਿਛਲੇ ਇਕ ਮਹੀਨੇ ਵਿੱਚ ਸਟੀਫਨਜ਼ ਨੇ ਵਿਸ਼ਵ ਰੈਂਕਿੰਗਜ਼ ਵਿੱਚ ਲਗਪਗ 900 ਸਥਾਨਾਂ ਦੀ ਛਾਲ ਮਾਰੀ ਸੀ। ਯੂਐਸ ਓਪਨ ਜਿੱਤਣ ਤੋਂ ਬਾਅਦ ਹੁਣ ਉਹ ਲੰਬੀ ਛਾਲ ਮਾਰ ਕੇ 83ਵੀਂ ਰੈਂਕਿੰਗ ਤੋਂ 22ਵੀਂ ਰੈਂਕਿੰਗ ’ਤੇ ਪਹੁੰਚ ਜਾਵੇਗੀ।
ਨਿਊਯਾਰਕ ਦੇ ਹਾਰਡ ਕੋਰਟ ’ਤੇ ਹੋਰ ਰਹੇ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ 2002 ਤੋਂ ਬਾਅਦ ਪਹਿਲੀ ਵਾਰ ਫਾਈਨਲ ਵਿੱਚ ਦੋ ਅਮਰੀਕੀ ਖਿਡਾਰਨਾਂ ਆਹਮੋ-ਸਾਹਮਣੇ ਸਨ। ਸਟੀਫਨਜ਼ ਨੇ ਆਪਣੇ ਨੇੜਲੇ ਦੋਸਤਾਂ ਵਿੱਚੋਂ ਇਕ ਇਕ ਨੂੰ ਹਰਾਉਣ ਤੋਂ ਬਾਅਦ ਕਿਹਾ ਕਿ ਉਸ ਨੂੰ ਹੁਣ ਸੰਨਿਆਸ ਲੈ ਲੈਣਾ ਚਾਹੀਦਾ ਹੈ। ਉਹ ਕਦੇ ਇਸ ਤੋਂ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕੇਗੀ। ਪਿਛਲੇ ਛੇ ਹਫਤੇ ਸ਼ਾਨਦਾਰ ਰਹੇ। ਪਿਛਲੇ 17 ਮੈਚਾਂ ਵਿੱਚ 15 ਜਿੱਤਾਂ ਨਾਲ ਸਟੀਫਨਜ਼ ਮਹਿਲਾ ਗਰੈਂਡਸਲੈਮ ਖ਼ਿਤਾਬ ਜਿੱਤਣ ਵਾਲੀ ਸਿਰਫ ਪੰਜਵੀਂ ਖਿਡਾਰਨ ਬਣੀ ਹੈ। ਲਾਤਵੀਆ ਦੀ ਯੇਲੈਨਾ ਔਸਤਾਪੈਂਕੋ ਨੇ ਇਸ ਸਾਲ ਫਰੈਂਚ ਓਪਨ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਅਮਰੀਕੀ ਓਪਨ ਦਾ ਖ਼ਿਤਾਬ ਜਿੱਤਣ ਵਾਲੀ ਇੱਕਮਾਤਰ ਮਹਿਲਾ ਖਿਡਾਰਨ ਕਿਮ ਕਲਾਈਸਟਰਜ਼ ਸੀ ਜਿਸ ਨੇ 2009 ਵਿੱਚ ਸੰਨਿਆਸ ਤੋਂ ਵਾਪਸੀ ਕਰਦੇ ਹੋਏ ਖ਼ਿਤਾਬ ਜਿੱਤਿਆ ਸੀ।
ਕ੍ਰਿਸ ਐਵਰਟ ਦੇ 1976 ਵਿੱਚ ਈਵੋਨ ਗੂਲਾਗੌਂਗ ਨੂੰ 6-3, 6-0 ਤੋਂ ਹਰਾਉਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕੀ ਓਪਨ ਦੇ ਮਹਿਲਾ ਖ਼ਿਤਾਬੀ ਮੁਕਾਬਲੇ ਵਿੱਚ ਅੰਤਿਮ ਸੈੱਟ ਵਿੱਚ ਹਾਰਣ ਵਾਲੀ ਖਿਡਾਰਨ ਕੋਈ ਗੇਮ ਨਹੀਂ ਜਿੱਤ ਸਕੀ। ਸਟੀਫਨਜ਼ ਪੂਰੇ ਮੈਚ ਦੌਰਾਨ ਕੀਜ਼ ’ਤੇ ਹਾਵੀ ਰਹੀ। ਉਸ ਦੀ ਡਿਫੈਂਸ ਨੇ 15ਵਾਂ ਦਰਜਾ ਪ੍ਰਾਪਤ ਕੀਜ਼ ਨੂੰ ਮੈਚ ਵਿੱਚ ਵਾਪਸੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਸਟੀਫਨਜ਼ ਨੇ ਮੈਚ ਦੌਰਾਨ ਸਿਰਫ ਛੇ ਸਹਿਜ ਗਲਤੀਆਂ ਕੀਤੀਆਂ ਜਦੋਂਕਿ ਕੀਜ਼ ਨੇ 30 ਸਹਿਜ ਗਲਤੀਆਂ ਕੀਤੀਆਂ। ਕੀਜ਼ ਨੇ ਹਾਲਾਂਕਿ 18 ਵਿਨਰ ਲਾਏ ਜਦੋਂਕਿ ਸਟੀਫਨਜ਼ 10 ਵਾਰ ਹੀ ਅਜਿਹਾ ਕਰ ਸਕੀ। ਸਟੀਫਨਜ਼ ਨੇ ਖ਼ਿਤਾਬ ਜਿੱਤਣ ਮਗਰੋਂ ਸਭ ਤੋਂ ਪਹਿਲਾਂ ਆਪਣੇ ਕੋਚ ਕਮਾਊ ਮਰੇ ਨੂੰ ਗਲ਼ ਨਾਲ ਲਾਇਆ ਅਤੇ ਫਿਰ ਆਪਣੀ ਮਾਂ ਦੇ ਗਲ਼ ਲੱਗ ਗਈ।
ਕੀਜ਼ ਨੇ ਮੈਚ ਤੋਂ ਬਾਅਦ ਕਿਹਾ ਕਿ ਉਸ ਨੇ ਅੱਜ ਆਪਣਾ ਸਭ ਤੋਂ ਵਧੀਆ ਟੈਨਿਸ ਨਹੀਂ ਖੇਡਿਆ ਅਤੇ ਉਹ ਇਸ ਤੋਂ ਨਿਰਾਸ਼ ਹੈ ਪਰ ਸਲੋਨ ਨੇ ਕਾਫੀ ਸਮਰਥਨ ਕੀਤਾ ਅਤੇ ਜੇ ਅੱਜ ਉਸ ਨੂੰ ਕਿਸੇ ਹੱਥੋਂ ਹਾਰਣਾ ਹੀ ਸੀ ਤਾਂ ਉਸ ਨੂੰ ਖੁਸ਼ੀ ਹੈ ਕਿ ਉਹ ਸਲੋਨ ਹੈ, ਉਸ ਦੇ ਸਭ ਤੋਂ ਮਨਪਸੰਦ ਲੋਕਾਂ ’ਚੋਂ ਇਕ।