ਨਿਊਯਾਰਕ, ਰਾਫੇਲ ਨਡਾਲ ਅਤੇ ਰੌਜਰ ਫੈਡਰਰ ਆਪੋ ਆਪਣੇ ਮੁਕਾਬਲੇ ਜਿੱਤ ਕੇ ਸੈਮੀ ਫਾਈਨਲ ਨੇੜੇ ਪੁਜ ਗਏ ਹਨ, ਜਦਕਿ ਇਟਲੀ ਦੇ ਵਿਵਾਦਾਂ ਵਿੱਚ ਘਿਰੇ ਖਿਡਾਰੀ ਫੈਬੀਓ ਫੋਗਨਿਨੀ ਨੂੰ ਮਹਿਲਾ ਅੰਪਾਇਰ ਨਾਲ ਮਾੜਾ ਸਲੂਕ ਕਰਨ ਦੇ ਦੋਸ਼ ਹੇਠ ਟੂਰਨਾਮੈਂਟ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।
31 ਸਾਲਾ ਨਡਾਲ ਨੇ ਅਰਜਨਟੀਨਾ ਦੇ ਲਿਓਨਾਰਡੋ ਮੇਅਰ ਨੂੰ 6-7 (3/7), 6-3, 6-1, 6-4 ਨਾਲ ਮਾਤ ਦੇ ਕੇ ਇਸ ਖਿਡਾਰੀ ਨਾਲ ਆਪਣਾ ਜਿੱਤ ਦਾ ਰਿਕਾਰਡ 4-0 ਕੀਤਾ। ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਲਈ ਉਸ ਦਾ ਮੁਕਾਬਲਾ ਯੂਕਰੇਨ ਦੇ ਅਲੈਗਜ਼ੈਂਡਰ ਡੋਲਗੋਪੋਲੋਵ ਨਾਲ ਹੋਵੇਗਾ, ਜਿਸ ਨਾਲ ਉਸ ਦਾ ਰਿਕਾਰਡ 6-2 ਹੈ। ਇਸੇ ਦੌਰਾਨ ਪੰਜ ਵਾਰ ਦੇ ਚੈਂਪੀਅਨ ਰੌਜਰ ਫੈਡਰਰ ਨੇ ਸਪੇਨ ਦੇ 31ਵਾਂ ਦਰਜਾ ਫਿਲੀਸੀਆਨੋ ਲੋਪੇਜ਼ ਨੂੰ 6-3, 6-3, 7-5 ਨਾਲ ਮਾਤ ਦਿੰਦਿਆਂ ਉਸ ਖ਼ਿਲਾਫ਼ ਆਪਣੀ ਜਿੱਤ ਦਾ ਰਿਕਾਰਡ 13-0 ਕੀਤਾ। ਫੈਡਰਰ ਦਾ ਅਗਲਾ ਮੁਕਾਬਲਾ ਜਰਮਨੀ ਦੇ ਫਿਲਿਪ ਕੋਹਲਸ਼ਰੀਬਰ ਨਾਲ ਹੋਵੇਗਾ, ਜਿਸ ਖ਼ਿਲਾਫ਼ ਉਸ ਦਾ ਰਿਕਾਰਡ 11-0 ਹੈ। ਫੈਡਰਰ ਨੇ ਕਿਹਾ ਕਿ ਉਹ ਇਸ ਟੂਰਨਾਮੈਂਟ ਦੇ ਇਸ ਪੜਾਅ ਤੱਕ ਪੁੱਜ ਕੇ ਖੁਸ਼ ਹੈ ਤੇ ਉਸ ਨੂੰ ਇੱਥੇ ਖੇਡਣਾ ਬਹੁਤ ਚੰਗਾ ਲੱਗ ਰਿਹਾ ਹੈ। ਪਹਿਲੇ ਦੋ ਗੇੜਾਂ ਵਿੱਚ ਉਸ ਨੂੰ ਸੰਘਰਸ਼ ਕਰਨਾ ਪਿਆ ਪਰ ਅੱਜ ਦਾ ਮੈਚ ਤਸੱਲੀਬਖ਼ਸ਼ ਰਿਹਾ। ਉਧਰ 33ਵਾਂ ਦਰਜਾ ਕੋਹਲਸ਼ਰੀਬਰ ਨੇ ਆਸਟਰੇਲੀਆ ਦੇ ਜੌਨ ਮਿਲਮੈਨ ਨੂੰ 7-5, 6-2, 6-4 ਨਾਲ ਹਰਾਇਆ। ਆਸਟਰੀਆ ਦੇ ਡੋਮੀਨਿਕ ਥੀਮ ਨੇ ਫਰਾਂਸ ਦੇ ਐਡਰੀਅਨ ਮੈਨਾਰੀਓ ਨੂੰ 7-5, 6-3, 6-4 ਨਾਲ ਹਰਾ ਕੇ ਚਾਰ ਸਾਲ ਵਿੱਚ ਚੌਥੀ ਵਾਰ ਆਖਰੀ 16 ਵਿੱਚ ਥਾਂ ਬਣਾਈ। ਥੀਮ ਦਾ ਅਗਲਾ ਮੁਕਾਬਲਾ 2009 ਦੇ ਚੈਂਪੀਅਨ ਅਰਜਨਟੀਨਾ ਦੇ ਜੇ. ਮਾਰਟਿਨ ਡਿਲ ਪੋਤਰੋ ਨਾਲ ਹੋਵੇਗਾ, ਜਿਸ ਨੇ ਸਪੇਨ ਦੇ ਰੋਬਰਤੋ
ਬੌਤਿਸਤਾ ਨੂੰ 6-3, 6-3, 6-4 ਨਾਲ ਹਰਾਇਆ। ਰੂਸ ਦੇ ਆਂਦਰੇ ਰੁਵਲੇਵ ਨੇ ਬੋਸਨੀਆ ਦੇ ਦਾਮਿਰ ਜ਼ੁਮਹੂਰ ਨੂੰ 6-4, 6-4, 5-7, 6-4 ਨਾਲ ਮਾਤ ਦੇ ਕੇ ਆਖਰੀ 16 ਵਿੱਚ ਥਾਂ ਬਣਾਈ। ਮਹਿਲਾ ਅੰਪਾਇਰ ਨਾਲ ਮਾੜਾ ਸਲੂਕ ਕਰਨ ਤੇ ਅਪਸ਼ਬਦ ਆਖਣ ਦੇ ਦੋਸ਼ ਹੇਠ ਫੋਗਿਨੀ ਨੂੰ ਟੂਰਨਾਮੈਂਟ ’ਚੋਂ ਬਾਹਰ ਕਰਨ ਦੇ ਨਾਲ ਨਾਲ 24 ਹਜ਼ਾਰ ਡਾਲਰ ਜੁਰਮਾਨਾ ਵੀ ਕੀਤਾ ਗਿਆ ਹੈ। ਉਧਰ ਮਹਿਲਾ ਵਰਗ ਦੇ ਮੁਕਾਬਲਿਆਂ ਵਿੱਚ ਅੱਵਲ ਦਰਜਾ ਕੈਰੋਲਿਨਾ ਪਲਿਸਕੋਵਾ ਨੇ ਚੀਨ ਦੀ ਜ਼ੈਂਗ ਸ਼ੂਈ ਨੂੰ 3-6, 7-5, 6-4 ਨਾਲ ਹਰਾਇਆ। ਇਸ 25 ਸਾਲਾ ਖਿਡਾਰਨ ਦਾ ਅਗਲਾ ਮੁਕਾਬਲਾ ਅਮਰੀਕਾ ਦੀ ਜੈਨੀਫਰ ਬਰੈਡੀ ਨਾਲ ਹੋਵੇਗਾ। ਯੂਕਰੇਨ ਦੀ ਐਲੀਨਾ ਸਵਿਤੋਲੀਨਾ ਨੇ ਅਮਰੀਕਾ ਦੀ ਸ਼ੈਲਬਾਏ ਰੌਜਰਜ਼ ਨੂੰ 6-4, 7-5 ਨਾਲ ਮਾਤ ਦਿੱਤੀ ਤੇ ਰੂਸ ਦੀ ਦਾਰੀਆ ਕਾਸਤਕਿਨਾ ਨੇ ਫਰਾਂਸ ਦੀ ਜੇਲੀਨਾ ਓਸਤਾਪੈਨਕੋ ਨੂੰ 6-3, 6-2 ਨਾਲ ਹਰਾ ਕੇ ਅੰਤਿਮ 16 ਵਿੱਚ ਥਾਂ ਬਣਾਈ।