ਸੰਯੁਕਤ ਰਾਸ਼ਟਰ, 16 ਅਗਸਤ

ਤਾਲਿਬਾਨ ਦੇ ਕਾਬੁਲ ’ਤੇ ਮੁੜ ਕਾਬਜ਼ ਹੋਣ ਕਰਕੇ ਅਫ਼ਗ਼ਾਨਿਸਤਾਨ ਦੇ ਮੌਜੂਦਾ ਸੁਰੱਖਿਆ ਹਾਲਾਤ ’ਤੇ ਨਜ਼ਰਸਾਨੀ ਲਈ ਯੂਐਨ ਸੁਰੱਖਿਆ ਕੌਂਸਲ ਦੀ ਸੋਮਵਾਰ ਸ਼ਾਮ ਨੂੰ ਹੰਗਾਮੀ ਮੀਟਿੰਗ ਹੋਈ। ਮੀਟਿੰਗ ਵਿੱਚ ਅਫਗਾਨਿਸਤਾਨ ਦੇ ਨਿੱਘਰਦੇ ਸੁਰੱਖਿਆ ਹਾਲਾਤ ’ਤੇ ਚਰਚਾ ਕੀਤੀ ਗਈ। ਸੁਰੱਖਿਆ ਕੌਂਸਲ ਨੇ ਤਾਲਿਬਾਨ ਤੋਂ ਸੰਜਮ ਵਰਤਣ ਅਤੇ ਏਜੰਸੀਆਂ ਦੀ ਅਖੰਡਤਾ ਦਾ ਸਨਮਾਨ ਬਰਕਰਾਰ ਰੱਖਣ ਦੀ ਅਪੀਲ ਕੀਤੀ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਤੋਨੀਓ ਗੁਟੇਰੇਜ਼ ਨੇ ਸੁਰੱਖਿਆ ਕੌਂਸਲ ਨੂੰ ਅਫਗਾਨਿਸਤਾਨ ਵਿੱਚ ਆਲਮੀ ਦਹਿਸ਼ਤਗਰਦੀ ਦੇ ਖਤਰੇ ਨੂੰ ਦਬਾਉਣ ਲਈ ਸਾਰੇ ਸਾਧਨਾਂ ਦੀ ਵਰਤੋਂ ਕਰਨ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਗਾਰੰਟੀ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ 15 ਮੈਂਬਰੀ ਕੌਂਸਲ ਨੂੰ ਦੱਸਿਆ, “ਸਾਨੂੰ ਪੂਰੇ ਦੇਸ਼ ਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਮੈਂ ਖਾਸ ਤੌਰ ’ਤੇ ਅਫਗਾਨਿਸਤਾਨ ਦੀਆਂ ਔਰਤਾਂ ਅਤੇ ਲੜਕੀਆਂ ਖਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਪ੍ਰਤੀ ਚਿੰਤਤ ਹਾਂ। ਅਸੀਂ ਅਫਗਾਨਿਸਤਾਨ ਦੇ ਲੋਕਾਂ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੇ। ’’ ਗੁਟੇਰੇਜ਼ ਨੇ ਕੌਮਾਂਤਰੀ ਭਾਈਚਾਰੇ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਅਫਗਾਨਿਸਤਾਨ ਨੂੰ ਅਤਿਵਾਦੀ ਸੰਗਠਨਾਂ ਦੀ ਪਨਾਹਗਾਹ ਨਾ ਬਣਨ ਦਿੱਤਾ ਜਾਵੇ। ਉਨ੍ਹਾਂ ਸੁਰੱਖਿਆ ਕੌਂਸਲ ਨੂੰ ਕਿਹਾ ,‘‘ਅਸੀ ਨਾ ਹੀ ਅਫਗਾਨਿਸਤਾਨ ਦੇ ਲੋਕਾਂ ਨੂੰ ਇਸ ਤਰ੍ਹਾਂ ਛੱਡ ਸਕਦੇ ਹਾਂ ਤੇ ਨਾ ਹੀ ਇਸ ਤਰ੍ਹਾਂ ਛੱਡਣਾ ਚਾਹੀਦਾ ਹੈ। ’’

ਉਨ੍ਹਾਂ ਸੁਰੱਖਿਆ ਕੌਂਸਲ ਦੀ ਹੰਗਾਮੀ ਮੀਟਿੰਗ ਵਿੱਚ ਕਿਹਾ, ‘‘ ਅਫਗਾਨਿਸਤਾਨ ਵਿੱਚ ਜੋ ਕੁਝ ਹੋ ਰਿਹਾ ਹੈ ਪੁਰੀ ਦੁਨੀਆਂ ਉਸ ’ਤੇ ਦੁੱਖ ਪ੍ਰਗਟਾ ਰਹੀ ਹੈ। ਅਸੀਂ ਹਫੜਾ ਦਫ਼ੜੀ, ਅਨਿਸ਼ਚਿਤਤਾ, ਤਣਾਅ ਤੇ ਦਹਿਸ਼ਤ, ਅਫਗਾਨ ਔਰਤਾਂ, ਲੜਕੀਆਂ, ਬੱਚਿਆਂ ਦੀਆਂ ਉਮੀਦ ਤੇ ਭਵਿੱਖ ਦੇਖ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਸ ਔਖੀ ਘੜੀ ਵਿੱਚ, ਉਹ ਸਾਰੀਆਂ ਧਿਰਾਂ ਖਾਸ ਕਰ ਕੇ ਤਾਲਿਬਾਨ ਨੂੰ ਅਪੀਲ ਕਰਦੇ ਹਨ ਕਿ ਉਹ ਜਾਨਾਂ ਦੀ ਰਾਖੀ ਅਤੇ ਮਨੁੱਖੀ ਲੋੜਾਂ ਦੀ ਪੂਰਤੀ ਯਕੀਨੀ ਬਣਾਉਣ ਲਈ ਸੰਜਮ ਵਰਤਣ।

ਚੇਤੇ ਰਹੇ ਕਿ ਯੂਐੱਨ ਸੁਰੱਖਿਆ ਕੌਂਸਲ ਦੀ ਪ੍ਰਧਾਨਗੀ ਅੱਜਕੱਲ੍ਹ(ਇਸ ਮਹੀਨੇ) ਭਾਰਤ ਕੋਲ ਹੈ। ਅਫ਼ਗਾਨਿਸਤਾਨ ਦੇ ਸੁਰੱਖਿਆ ਹਾਲਾਤ ਬਾਰੇ ਪਿਛਲੇ ਇਕ ਹਫ਼ਤੇ ’ਚ ਇਹ ਦੂਜੀ ਮੀਟਿੰਗ ਹੈ। ਯੂਐੱਨ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ.ਤਿਰੁਮੂਰਤੀ ਨੇ ਟਵੀਟ ਕਰਕੇ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ 6 ਅਗਸਤ ਨੂੰ ਵੀ ਅਫ਼ਗ਼ਾਨਿਸਤਾਨ ਦੇ ਨਿੱਘਰਦੇ ਸੁਰੱਖਿਆ ਹਾਲਾਤ ’ਤੇ ਚਰਚਾ ਕੀਤੀ ਗਈ ਸੀ।