ਨਵੀਂ ਦਿੱਲੀ:ਭਾਰਤੀ ਮੁੱਕੇਬਾਜ਼ ਵਿੰਕਾ, ਅਲਫੀਆ ਪਠਾਨ, ਗੀਤਿਕਾ ਅਤੇ ਪੂਨਮ ਨੇ ਪੋਲੈਂਡ ਦੇ ਕਿਲਸੇ ਵਿੱਚ ਚੱਲ ਰਹੀ ਯੁਵਾ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਘੱਟੋ-ਘੱਟ ਕਾਂਸੀ ਦੇ ਤਗਮੇ ਪੱਕੇ ਕਰ ਲਏ ਹਨ। ਚਾਰੇ ਮੁੱਕੇਬਾਜ਼ਾਂ ਨੇ ਆਪਣੇ ਕੁਆਰਟਰ ਫਾਈਨਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਾਣੀਪਤ ਦੀ ਵਿੰਕਾ ਨੇ 60 ਕਿਲੋ ਭਾਰ ਵਰਗ ’ਚ ਕੋਲੰਬੀਆ ਦੀ ਕੈਮਿਲੋ ਕੈਮੇਲਾ ਨੂੰ 5-0 ਨਾਲ ਹਰਾਇਆ। 2019 ਦੀ ਏਸ਼ਿਆਈ ਜੂਨੀਅਰ ਚੈਂਪੀਅਨ ਅਲਫੀਆ ਨੇ ਵੀ 81 ਕਿਲੋ ਵਰਗ ’ਚ ਹੰਗਰੀ ਦੀ ਰੇਕਾ ਹਾਫਮੈਨ ਨੂੰ 5-0 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਪੂਨਮ (57 ਕਿਲੋ) ਨੇ ਕਜ਼ਾਖਸਤਾਨ ਦੀ ਨਾਜ਼ਰੇਕ ਸੈਰਿਕ ਨੂੰ 5-0 ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਗੀਤਿਕਾ (48 ਕਿਲੋ) ਨੇ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰੋਮਾਨੀਆ ਦੀ ਐਲਿਜ਼ਾਬੈਥ ਓਸਤਾਨ ’ਤੇ ਸ਼ਰੂ ਤੋਂ ਹੀ ਮੁੱਕੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ, ਜਿਸ ਕਰਕੇ ਰੈਫਰੀ ਨੂੰ ਪਹਿਲੇ ਰਾਊਂਡ ’ਚ ਮੁਕਾਬਲਾ ਰੋਕਣ ਲਈ ਮਜਬੂਰ ਹੋਣਾ ਪਿਆ ਅਤੇ ਹਰਿਆਣਾ ਦੀ ਇਸ ਮੁੱਕੇਬਾਜ਼ ਨੂੰ ਜੇਤੂ ਐਲਾਨ ਦਿੱਤਾ ਗਿਆ। ਇਸ ਤੋਂ ਇਲਾਵਾ ਪੁਰਸ਼ ਵਰਗ ’ਚੋਂ ਮਨੀਸ਼ (75 ਕਿਲੋ) ਅਤੇ ਸੁਮਿਤ (69 ਕਿਲੋ) ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।