ਨਵੀਂ ਦਿੱਲੀ— ਵਿਸ਼ਵ ਚੈਂਪੀਅਨਸ਼ਿਪ ‘ਚ ਛੇਵਾਂ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ‘ਚ ਲੱਗੀ ਮਸ਼ਹੂਰ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਨੇ ਸੋਮਵਾਰ ਨੂੰ ਕਿਹਾ ਕਿ ਉਹ ਯੁਵਾ ਮੁੱਕੇਬਾਜ਼ਾਂ ਦੀ ਚੁਣੌਤੀ ਤੋਂ ਨਜਿੱਠਣ ਲਈ ਆਪਣੇ ਤਜਰਬੇ ਅਤੇ ਊਰਜਾ ਦਾ ਇਸਤੇਮਾਲ ਕਰੇਗੀ। 35 ਸਾਲਾ ਮੈਰੀਕਾਮ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸਤਵੀਂ ਵਾਰ ਹਿੱਸਾ ਲਵੇਗੀ।

ਇਹ ਪੰਜ ਵਾਰ ਦੀ ਵਿਸ਼ਵ ਚੈਂਪੀਅਨ, ਓਲੰਪਿਕ ਕਾਂਸੀ ਤਮਗਾ ਜੇਤੂ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਦੇ ਰੂਪ ‘ਚ ਮੈਦਾਨ ‘ਤੇ ਉਤਰੇਗੀ। ਮੈਰੀਕਾਮ ਨੇ ਟੂਰਨਾਮੈਂਟ ਤੋਂ ਪਹਿਲਾਂ ਪੱਤਕਾਰਾਂ ਨੂੰ ਕਿਹਾ, ”ਮੇਰੇ ਵਰਗ ‘ਚ ਅਜਿਹੇ ਮੁੱਕੇਬਾਜ਼ ਹਨ ਜੋ 2001 ਤੋਂ ਹੁਣ ਤੱਕ ਖੇਡ ਰਹੇ ਹਨ। ਮੈਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਨਵੇਂ ਮੁੱਕੇਬਾਜ਼ ਜ਼ਿਆਦਾ ਦਮਦਾਰ ਅਤੇ ਸਮਾਰਟ ਹਨ ਅਤੇ ਉਹ ਫੁਰਤਲੇ ਵੀ ਹਨ। ਮੈਂ ਆਪਣੇ ਤਜਰਬੇ ਦਾ ਇਸਤੇਮਾਲ ਕਰਾਂਗੀ। ਪੁਰਾਣੇ ਮੁੱਕੇਬਾਜ਼ ਜ਼ਿਆਦਾਤਰ ਇਕੋ ਜਿਹੇ ਹਨ ਅਤੇ ਮੈਂ ਉਨ੍ਹਾਂ ਨੂੰ ਜਾਣਦੀ ਹਾਂ।”