ਟੋਰਾਂਟੋ — ਯੁਕਰੇਨ ਦੇ ਰਾਸ਼ਟਰਪਤੀ ਪੈਟਰੋ ਪੋਰੋਸ਼ਨੀਕੋ ਕੈਨੇਡਾ ਦੌਰੇ ‘ਤੇ ਹਨ। ਪੈਟਰੋ ਪੋਰੋਸ਼ਨੀਕੋ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੋਰਾਂਟੋ ‘ਚ ਬੈਠਕ ਕੀਤੀ। ਇਸ ਮਗਰੋਂ ਟਰੂਡੋ ਨੇ ਇਸ ਬੈਠਕ ਨਾਲ ਜੁੜੀਆਂ ਖਾਸ ਗੱਲਾਂ ਸਾਂਝੀਆਂ ਕੀਤੀਆਂ।
ਦੋਹਾਂ ਦੇਸ਼ਾਂ ਨੇ ਨਵੇਂ ਅਤੇ ਆਟੋਮੈਟਿਕ ਹਥਿਆਰਾਂ ਦੀ ਵਰਤੋਂ ‘ਤੇ ਗੱਲਬਾਤ ਕੀਤੀ। ਟਰੂਡੋ ਨੇ ਕਿਹਾ ਕਿ ਯੁਕਰੇਨ ਨਾਲ ਉਨ੍ਹਾਂ ਨੇ ‘ਆਟੋਮੈਟਿਕ ਫਾਇਰਆਰਮ ਕੰਟਰੀ ਕੰਟਰੋਲ ਲਿਸਟ’ ਸੰਬੰਧੀ ਗੱਲਬਾਤ ਕੀਤੀ ਹੈ। ਇਸ ਸੂਚੀ ‘ਚ 39 ਦੇਸ਼ ਸ਼ਾਮਲ ਹਨ ਅਤੇ ਹੋ ਸਕਦਾ ਹੈ ਕਿ ਯੁਕਰੇਨ ਵੀ ਇਸ ‘ਚ ਸ਼ਾਮਲ ਹੋਵੇ। ਟਰੂਡੋ ਨੇ ਕਿਹਾ ਕਿ ਰੂਸ ਵਲੋਂ ਯੁਕਰੇਨ ਦੇ ਖੇਤਰ ‘ਤੇ ਕਬਜ਼ਾ ਕਰਨਾ ਗੈਰ-ਕਾਨੂੰਨੀ ਹੈ ਅਤੇ ਉਹ ਇਸ ਮਾਮਲੇ ‘ਚ ਯੁਕਰੇਨ ਦਾ ਸਾਥ ਦਿੰਦੇ ਰਹਿਣਗੇ।ਇਸ ਬੈਠਕ ‘ਚ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਮੌਜੂਦ ਸਨ।