ਚੰਡੀਗੜ੍ਹ: ਗੁਜਰਾਤ ਦੇ ਸਾਪੁਤਾਰਾ ਘਾਟ ਵਿੱਚ ਐਤਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਧਾਰਮਿਕ ਯਾਤਰਾ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਇੱਕ ਨਿੱਜੀ ਬੱਸ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ‘ਚ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਕੋਲਾਰਸ ਵਿਧਾਨ ਸਭਾ ਹਲਕੇ ਦੇ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋ ਗਏ ਹਨ। ਇਹ ਘਟਨਾ ਗੁਜਰਾਤ ਦੇ ਡਾਂਗ ਦੀ ਹੈ।

ਗੁਜਰਾਤ-ਨਾਸਿਕ ਹਾਈਵੇ ’ਤੇ ਭਿਆਨਕ ਹਾਦਸੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਐਕਸ ’ਤੇ ਦੁੱਖ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘‘ਗੁਜਰਾਤ ਦੇ ਡਾਂਗ ਜ਼ਿਲ੍ਹੇ ਦੇ ਨਾਸਿਕ-ਸੂਰਤ ਹਾਈਵੇਅ ‘ਤੇ ਵਾਪਰੇ ਇੱਕ ਵੱਡੇ ਹਾਦਸੇ ਦੀ ਖ਼ਬਰ ਮਿਲੀ ਹੈ। ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਡੂੰਘੀ ਖੱਡ ‘ਚ ਡਿੱਗ ਗਈ ਹੈ। ਜਿਸ ਵਿੱਚ ਯਾਤਰੀਆਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕੁੱਝ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਮੈਂ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ। ’’

ਪੁਲਿਸ ਨੇ ਦੱਸਿਆ ਕਿ ਗੁਜਰਾਤ ਦੇ ਡਾਂਗ ਜ਼ਿਲੇ ‘ਚ ਐਤਵਾਰ ਸਵੇਰੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਨਿੱਜੀ ਬੱਸ ਦੇ ਡੂੰਘੀ ਖੱਡ ‘ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਗੰਭੀਰ ਜ਼ਖਮੀ ਹੋ ਗਏ ਹਨ।ਪੁਲਿਸ ਇੰਚਾਰਜ ਐਸ.ਪੀ. ਪਾਟਿਲ ਨੇ ਦੱਸਿਆ ਕਿ ਹਾਦਸਾ ਤੜਕੇ 4.15 ਵਜੇ ਦੇ ਕਰੀਬ ਵਾਪਰਿਆ ਜਦੋਂ ਬੱਸ ਡਰਾਈਵਰ ਨੇ ਸਾਪੁਤਾਰਾ ਹਿੱਲ ਸਟੇਸ਼ਨ ਨੇੜੇ ਬੱਸ ਤੋਂ ਕੰਟਰੋਲ ਗੁਆ ਦਿੱਤਾ। ਉਨ੍ਹਾਂ ਦੱਸਿਆ ਕਿ ਬੱਸ ਵਿੱਚ 48 ਸ਼ਰਧਾਲੂ ਸਵਾਰ ਸਨ ਅਤੇ ਹਾਦਸੇ ਦੌਰਾਨ ਬੱਸ ਕਰੈਸ਼ ਬੈਰੀਅਰ ਤੋੜ ਕੇ ਕਰੀਬ 35 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ।

ਪੁਲਿਸ ਨੇ ਦੱਸਿਆ ਕਿ ਬੱਸ ਮਹਾਰਾਸ਼ਟਰ ਦੇ ਤ੍ਰਿੰਬਕੇਸ਼ਵਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਗੁਜਰਾਤ ਦੇ ਦਵਾਰਕਾ ਜਾ ਰਹੀ ਸੀ। ਬੱਸ ‘ਚ ਸਵਾਰ ਸ਼ਰਧਾਲੂ ਮੱਧ ਪ੍ਰਦੇਸ਼ ਦੇ ਗੁਨਾ, ਸ਼ਿਵਪੁਰੀ ਅਤੇ ਅਸ਼ੋਕ ਨਗਰ ਜ਼ਿਲਿਆਂ ਦੇ ਰਹਿਣ ਵਾਲੇ ਸਨ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ‘ਚ ਮਰਨ ਵਾਲੇ ਪੰਜ ਲੋਕਾਂ ‘ਚੋਂ ਦੋ ਔਰਤਾਂ ਅਤੇ ਤਿੰਨ ਪੁਰਸ਼ ਸਨ।