ਰੀਓ ਡੀ ਜਨੇਰੀਓ, ਭਾਰਤੀ ਨਿਸ਼ਾਨੇਬਾਜ਼ ਯਸ਼ਸਵਿਨੀ ਸਿੰਘ ਦੇਸਵਾਲ ਨੇ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਇੱਕ ਗੋਲੀ ਨਾਲ ਦੋ ਨਿਸ਼ਾਨੇ ਲਾਏ। ਉਸ ਨੇ ਦੁਨੀਆਂ ਦੀ ਅੱਵਲ ਨੰਬਰ ਨਿਸ਼ਾਨੇਬਾਜ਼ ਓਲੇਨਾ ਕੋਸਤੇਵਿਚ ਨੂੰ ਪਛਾਡ਼ ਕੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਅਤੇ ਭਾਰਤ ਲਈ ਨੌਵਾਂ ਓਲੰਪਿਕ ਕੋਟਾ ਹਾਸਲ ਕੀਤਾ।
ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ 22 ਸਾਲ ਦੀ ਯਸ਼ਸਵਿਨੀ ਨੇ ਫਾੲੀਨਲ ਵਿੱਚ ਅੱਠ ਮਹਿਲਾ ਨਿਸ਼ਾਨੇਬਾਜ਼ਾਂ ਨੂੰ ਪਛਾਡ਼ ਕੇ 236.7 ਦਾ ਸਕੋਰ ਬਣਾਇਆ ਅਤੇ ਪਹਿਲਾ ਸਥਾਨ ਹਾਸਲ ਕੀਤਾ। ਦੁਨੀਆਂ ਦੀ ਨੰਬਰ ਇੱਕ ਯੂਕਰੇਨ ਦੀ ਓਲੇਨਾ ਕੋਸਤੇਵਿਚ ਨੇ 234.8 ਅੰਕ ਨਾਲ ਚਾਂਦੀ ਅਤੇ ਸਰਬੀਆ ਦੀ ਜੇਸਮੀਨਾ ਮਿਲਾਵੋਨੋਵਿਚ ਨੇ 215.7 ਅੰਕ ਨਾਲ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਅਰਥਸ਼ਾਸਤਰ ਦੀ ਵਿਦਿਆਰਥਣ ਯਸ਼ਸਵਿਨੀ ਦਾ ਦਬਦਬਾ ਇੰਨਾ ਜ਼ਿਆਦਾ ਸੀ ਕਿ ੳੁਹ ਫਾਈਨਲ ਵਿੱਚ ਓਲੇਨਾ ਤੋਂ 1.9 ਅੰਕ ਅੱਗੇ ਰਹੀ। ਕੁਆਲੀਫੀਕੇਸ਼ਨ ਵਿੱਚ ਵੀ ਉਹ 582 ਅੰਕ ਨਾਲ ਚੋਟੀ ’ਤੇ ਰਹੀ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਯਸ਼ਸਵਿਨੀ 2020 ਟੋਕੀਓ ਓਲੰਪਿਕ ਖੇਡਾਂ ਲਈ ਭਾਰਤ ਵੱਲੋਂ ਕੋਟਾ ਹਾਸਲ ਕਰਨ ਵਾਲੇ ਨਿਸ਼ਾਨੇਬਾਜ਼ਾਂ ਵਿੱਚ ਸ਼ਾਮਲ ਹੋ ਗਈ। ਇਸ ਤੋਂ ਪਹਿਲਾਂ ਸੰਜੀਵ ਰਾਜਪੂਤ, ਅੰਜੁਮ ਮੌਦਗਿਲ, ਅਪੂਰਵੀ ਚੰਦੇਲਾ, ਸੌਰਭ ਚੌਧਰੀ, ਅਭਿਸ਼ੇਕ ਵਰਮਾ, ਦਿਵਿਆਂਸ਼ ਸਿੰਘ ਪੰਵਾਰ, ਰਾਹੀ ਸਰਨੋਬਤ ਅਤੇ ਮਨੂ ਭਾਕਰ ਓਲੰਪਿਕ ਦੀ ਟਿਕਟ ਕਟਾ ਚੁੱਕੇ ਹਨ।
ਇਹ ਰੀਓ ਵਿੱਚ ਭਾਰਤ ਦਾ ਤੀਜਾ ਸੋਨ ਤਗ਼ਮਾ ਵੀ ਹੈ। ਅਭਿਸ਼ੇਕ ਵਰਮਾ ਅਤੇ ਇਲਾਵੈਨਿਲ ਵਲਾਰਿਵਾਨ ਨੇ ਵੀ ਕ੍ਰਮਵਾਰ ਪੁਰਸ਼ਾਂ ਦੇ ਦਸ ਮੀਟਰ ਏਅਰ ਪਿਸਟਲ ਅਤੇ ਮਹਿਲਾਵਾਂ ਦੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ।
ਇਸ ਤੋਂ ਪਹਿਲਾਂ ਕਾਜਲ ਸੈਣੀ ਨੇ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ 1167 ਦੇ ਕੁਆਲੀਫੀਕੇਸ਼ਨ ਸਕੋਰ ਨਾਲ 22ਵਾਂ ਅਤੇ ਸਾਬਕਾ ਵਿਸ਼ਵ ਚੈਂਪੀਅਨ (ਪਰੋਨ) ਤੇਜਸਵਿਨੀ ਸਾਵੰਤ ਨੇ 1156 ਅੰਕ ਨਾਲ 47ਵਾਂ ਸਥਾਨ ਹਾਸਲ ਕੀਤਾ। ਅਨੂ ਰਾਜ ਸਿੰਘ ਅਤੇ ਸਵੇਤਾ ਸਿੰਘ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੇ। ਭਾਰਤੀਆਂ ਦਾ ਗ਼ੈਰ-ਮੁਕਾਬਲੇ ਵਾਲੇ ਘੱਟ ਤੋਂ ਘੱਟ ਕੁਆਲੀਫੀਕੇਸ਼ਨ ਸਕੋਰ ਵਰਗ ਵਿੱਚ ਵੀ ਲਗਾਤਾਰ ਵਧੀਆ ਪ੍ਰਦਰਸ਼ਨ ਰਿਹਾ। ਮਨੂ ਭਾਕਰ ਅਤੇ ਈਸ਼ਾ ਸਿੰਘ ਨੇ ਮਹਿਲਾ ਦੇ ਦਸ ਮੀਟਰ ਏਅਰ ਪਿਸਟਲ ਵਿੱਚ ਕ੍ਰਮਵਾਰ 580 ਅਤੇ 577 ਦਾ ਸਕੋਰ ਬਣਾਇਆ।
ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਅਦਰਸ਼ ਸਿੰਘ ਅਤੇ ਅਨੀਸ਼ ਭਾਨਵਾਲਾ ਨੇ 300 ਵਿੱਚੋਂ 291 ਸ਼ਾਟ ਮਾਰੇ ਅਤੇ ਪਹਿਲੇ ਗੇਡ਼ ਵਿੱਚ ਕ੍ਰਮਵਾਰ 13ਵੇਂ ਅਤੇ 14ਵੇਂ ਸਥਾਨ ’ਤੇ ਰਹੇ। ਅਨਹਦ ਜਵੰਦਾ 281 ਸ਼ਾਟ ਮਾਰ ਕੇ 48ਵੇਂ ਸਥਾਨ ’ਤੇ ਰਿਹਾ। ਤਿੰਨੇ ਭਾਰਤੀ ਨਿਸ਼ਾਨੇਬਾਜ਼ ਫਾਈਨਲ ਰੈਪਿਡ ਫਾਇਰ ਰਾੳੂਂਡ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕਰਨਗੇ। -ਪੀਟੀਆਈ
ਯਸ਼ਸਵਿਨੀ ਦੇਸਵਾਲ, ਸੰਜੀਵ ਰਾਜਪੂਤ, ਅੰਜੁਮ ਮੌਦਗਿਲ, ਅਪੂਰਵੀ ਚੰਦੇਲਾ, ਸੌਰਭ ਚੌਧਰੀ, ਅਭਿਸ਼ੇਕ ਵਰਮਾ, ਦਿਵਿਆਂਸ਼ ਸਿੰਘ ਪੰਵਾਰ, ਰਾਹੀ ਸਰਨੋਬਤ ਅਤੇ ਮਨੂ ਭਾਕਰ ਓਲੰਪਿਕ ਦੀ ਟਿਕਟ ਕਟਾ ਚੁੱਕੇ ਹਨ।