ਨਵੀਂ ਦਿੱਲੀ, 22 ਜੁਲਾਈ
ਦਿੱਲੀ ਵਿੱਚ ਸ਼ੁੱਕਰਵਾਰ ਨੂੰ ਯਮੁਨਾ ਦੇ ਪਾਣੀ ਦਾ ਪੱਧਰ ਇੱਕ ਫਿਰ ਖ਼ਤਰੇ ਦੇ ਨਿਸ਼ਾਨ 205.33 ਮੀਟਰ ਨੂੰ ਪਾਰ ਕਰ ਗਿਆ ਹੈ, ਜਿਸ ਨਾਲ ਹੜ੍ਹ ਪ੍ਰਭਾਵਿਤ ਨੀਵੇਂ ਇਲਾਕਿਆਂ ਵਿੱਚ ਮੁੜ ਵਸੇਬੇ ਲਈ ਹੋਰ ਦੇਰੀ ਹੋਵੇਗੀ। ਕੇਂਦਰੀ ਜਲ ਕਮਿਸ਼ਨ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਪਾਣੀ ਦਾ ਪੱਧਰ 205.34 ਮੀਟਰ ਤੱਕ ਪਹੁੰਚ ਗਿਆ, ਜੋ ਕਿ ਰਾਤ 11 ਵਜੇ ਤੱਕ 205.45 ਮੀਟਰ ਤੱਕ ਪਹੁੰਚ ਸਕਦਾ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਉਪਰਲੇ ਖੇਤਰਾਂ ਵਿੱਚ ਪਏ ਮੀਂਹ ਦੌਰਾਨ ਪਿਛਲੇ ਦੋ-ਤਿੰਨ ਦਿਨਾਂ ਵਿੱਚ ਪਾਣੀ ਦੇ ਪੱਧਰ ’ਚ ਮਾਮੂਲੀ ਉਤਰਾਅ-ਚੜ੍ਹਾਅ ਆਏ ਹਨ। ਯਮੁਨਾ ’ਚ ਪਾਣੀ ਦਾ ਪੱਧਰ 13 ਜੁਲਾਈ ਨੂੰ ਸਿਖਰਲੇ 208.66 ਮੀਟਰ ਤੱਕ ਪਹੁੰਚ ਗਿਆ ਸੀ, ਜੋ ਹੌਲੀ-ਹੌਲੀ ਹੇਠਾਂ ਉਤਰ ਰਿਹਾ ਸੀ। ਪਾਣੀ ਦਾ ਪੱਧਰ ਪਿਛਲੇ ਅੱਠ ਦਿਨਾਂ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿਣ ਤੋਂ ਬਾਅਦ ਮੰਗਲਵਾਰ ਰਾਤ 8 ਵਜੇ ਤੱਕ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਸੀ। ਪਾਣੀ ਦਾ ਪੱਧਰ ਬੁੱਧਵਾਰ ਨੂੰ ਸਵੇਰੇ 5 ਵਜੇ 205.22 ਮੀਟਰ ਤੱਕ ਆ ਗਿਆ ਸੀ, ਜੋ ਮੁੜ ਵਧਣਾ ਸ਼ੁਰੂ ਹੋ ਗਿਆ ਅਤੇ ਖ਼ਤਰੇ ਦੇ ਨਿਸ਼ਾਨ ਨੂੰ ਟੱਪ ਗਿਆ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ 22 ਜੁਲਾਈ ਤੱਕ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ’ਤੇ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਦਿੱਲੀ ਦੇ ਉੱਪਰਲੇ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸਥਿਤੀ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਰਾਜਧਾਨੀ ਦੇ ਡੁੱਬੇ ਨੀਵੇਂ ਇਲਾਕਿਆਂ ਵਿੱਚ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਦੀ ਰਫ਼ਤਾਰ ਮੱਠੀ ਪੈ ਸਕਦੀ ਹੈ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਲਈ ਰਾਹਤ ਕੈਂਪਾਂ ਵਿੱਚ ਰਹਿਣਾ ਪੈ ਸਕਦਾ ਹੈ। ਇਸ ਦਾ ਅਸਰ ਸ਼ਹਿਰ ਦੀ ਜਲ ਸਪਲਾਈ ’ਤੇ ਮੁੜ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਵਜ਼ੀਰਾਬਾਦ ’ਚ ਪੰਪ ਹਾਊਸ ਦੇ ਪਾਣੀ ਵਿਚ ਡੁੱਬਣ ਕਾਰਨ ਚਾਰ-ਪੰਜ ਦਿਨ ਜਲ ਸਪਲਾਈ ਪ੍ਰਭਾਵਿਤ ਰਹੀ ਹੈ, ਜੋ ਇਸ ਮੰਗਲਵਾਰ ਨੂੰ ਹੀ ਆਮ ਵਾਂਗ ਹੋਈ ਹੈ। ਵਜ਼ੀਰਾਬਾਦ ਪੰਪ ਹਾਊਸ ਚੰਦਰਵਾਲ ਅਤੇ ਓਖਲਾ ਵਾਟਰ ਟਰੀਟਮੈਂਟ ਪਲਾਂਟਾਂ ਨੂੰ ਕੱਚੇ ਪਾਣੀ ਦੀ ਸਪਲਾਈ ਕਰਦਾ ਹੈ, ਜੋ ਕਿ ਸ਼ਹਿਰ ਦੀ ਸਪਲਾਈ ਦਾ ਲਗਭਗ 25 ਫ਼ੀਸਦ ਹਿੱਸਾ ਹੈ। ਦਿੱਲੀ ਜਲ ਬੋਰਡ (ਡੀਜੇਬੀ) ਦੇ ਅਧਿਕਾਰੀਆਂ ਅਨੁਸਾਰ ਪੱਲਾ ਵਿੱਚ ਕੁਝ ਟਿਊਬਵੈੱਲਾਂ ਦੇ ਡੁੱਬਣ ਕਾਰਨ ਪ੍ਰਤੀ ਦਿਨ 10-12 ਮਿਲੀਅਨ ਗੈਲਨ ਪਾਣੀ (ਐੱਮਜੀਡੀ) ਦੀ ਘਾਟ ਪੈ ਰਹੀ ਹੈ।