ਮੈਲਬੌਰਨ, 12 ਜਨਵਰੀ
ਸੱਟਾਂ ਨਾਲ ਜੂਝ ਰਹੇ ਇੰਗਲੈਂਡ ਦੇ ਟੈਨਿਸ ਸਟਾਰ ਐਂਡੀ ਮੱਰੇ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਬਾਰੇ ਸੋਚਣ ਲੱਗੇ ਹਨ ਅਤੇ ਆਸਟਰੇਲੀਆ ਓਪਨ ਤੋਂ ਬਾਅਦ ਉਹ ਕਿਸੇ ਸਮੇਂ ਵੀ ਟੈਨਿਸ ਤੋਂ ਵਿਦਾਈ ਲੈ ਸਕਦੇ ਹਨ।
ਐਂਡੀ ਮੱਰੇ ਨੇ ਭਾਵੁਕ ਹੁੰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਚੂਲੇ ਦੀ ਸਰਜਰੀ ਬਾਅਦ ਦਰਦ ਹੋਣ ਕਾਰਨ ਆਸਟਰੇਲੀਆ ਓਪਨ ਉਸ ਦਾ ਆਖ਼ਰੀ ਟੂਰਨਾਮੈਂਟ ਹੋ ਸਕਦਾ ਹੈ। ਤਿੰਨ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਅਤੇ ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਰਹੇ ਮੱਰੇ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਰੇ ਮਨ ਨਾਲ ਅੱਖਾਂ ਵਿਚ ਹੰਝੂ ਲਿਆਉਂਦਿਆਂ ਕਿਹਾ ਕਿ ਕਈ ਵਾਰ ਦਰਦ ਅਸਹਿਣਸ਼ੀਲ ਹੋ ਜਾਂਦਾ ਹੈ। ਉਸ ਨੇ ਕਿਹਾ ਕਿ ਉਸਦੀ ਇੱਛਾ ਆਪਣੇ ਘਰੇਲੂ ਗਰੈਂਡ ਸਲੈਮ ਵਿੰਬਲਡਨ ਤੋਂ ਵਦਾਈ ਲੈਣ ਦੀ ਹੈ ਪਰ ਦਰਦ ਕਾਰਨ ਲੱਗਦਾ ਨਹੀਂ ਕਿ ਇਹ ਇੱਛਾ ਪੂਰੀ ਹੋਵੇ। ਮੱਰੇ ਨੂੰ ਪਿਛਲੇ 77 ਸਾਲ ਵਿਚ ਵਿੰਬਲਡਨ ਜਿੱਤਣ ਵਾਲੇ ਪਹਿਲੇ ਬ੍ਰਿਟਿਸ਼ ਖਿਡਾਰੀ ਵਜੋਂ ਜਾਣਿਆ ਜਾਂਦਾ ਹੈ। ਮੱਰੇ ਟੈਨਿਸ ਦੇ ਵੱਡੇ ਸਟਾਰ ਖਿਡਾਰੀਆਂ ਰੋਜਰ ਫੈਡਰਰ, ਨੋਵਾਕ ਜੋਕੋਵਿਚ ਅਤੇ ਰਾਫੇਲ ਨਾਡਾਲ ਵਰਗਿਆਂ ਦੇ ਹੁੰਦਿਆਂ ਟੈਨਿਸ ਦਾ ਨੰਬਰ ਇੱਕ ਖਿਡਾਰੀ ਬਣਿਆ ਹੈ। ਉਸ ਨੇ ਕਿਹਾ ਕਿ ਉਹ ਵਿੰਬਲਡਨ ਖੇਡ ਕੇ ਸੰਨਿਆਸ ਲੈਣਾ ਚਾਹੁੰਦਾ ਹਾਂ ਪਰ ਇਹ ਯਕੀਨੀ ਨਹੀਂ ਕਿ ਉਹ ਉਦੋਂ ਤੱਕ ਖੇਡ ਸਕੇ।