ਚੰਡੀਗੜ੍ਹ, ਪੰਜਾਬ ਪੁਲੀਸ ਅਤੇ ਮੱਧ ਪ੍ਰਦੇਸ਼ ਪੁਲੀਸ ਦੇ ਸਾਂਝੇ ਤੇ ਗੁਪਤ ਅਪਰੇਸ਼ਨ ਦੌਰਾਨ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਤਿੰਨ ਅਤਿਵਾਦੀਆਂ ਬਲਵਿੰਦਰ ਸਿੰਘ, ਬਲਕਾਰ ਸਿੰਘ ਅਤੇ ਸਤੇਂਦਰ ਰਾਵਤ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲੀਸ ਦਾ ਇਹ ਵੀ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਅਤਿਵਾਦੀ ਪਾਕਿਸਤਾਨ ਤੋਂ ਸਿਖਲਾਈ ਯਾਫ਼ਤਾ ਹੋਣ ਕਰਕੇ ਉਨ੍ਹਾਂ ਦੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨਾਲ ਵੀ ਸਿੱਧੇ ਸਬੰਧ ਹਨ। ਅਧਿਕਾਰੀਆਂ ਮੁਤਾਬਕ ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਮੱਧ ਪ੍ਰਦੇਸ਼ ਦੇ ਅਤਿਵਾਦ ਵਿਰੋਧੀ ਦਸਤੇ ਦੀ ਮਦਦ ਨਾਲ ਪੰਜਾਬ ਪੁਲੀਸ ਦੇ ਅਧਿਕਾਰੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਗਵਾਲੀਅਰ ’ਚ ਇਨ੍ਹਾਂ ਅਤਿਵਾਦੀਆਂ ਦੀ ਭਾਲ ਕੀਤੀ ਜਾ ਰਹੀ ਸੀ। ਸ਼ੱਕੀ ਟਿਕਾਣਿਆਂ ’ਤੇ ਨਜ਼ਰ ਰਖਦਿਆਂ ਬਲਵਿੰਦਰ ਸਿੰਘ, ਬਲਕਾਰ ਸਿੰਘ ਅਤੇ ਸਤੇਂਦਰ ਰਾਵਤ ਬਾਰੇ ਪੱਕੀ ਸੂਹ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਤਿੰਨਾਂ ਨੂੰ ਗਵਾਲੀਅਰ ਦੇ ਦਾਬੜਾ, ਚਿਨੌਰ ਅਤੇ ਦੁਲਪੁਰਾ ਖੇਤਰਾਂ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਜਣੇ ਖਾਲਿਸਤਾਨ ਲਿਬੇਰਸ਼ਨ ਫੋਰਸ ਨਾਲ ਵੀ ਸਬੰਧਤ ਰਹੇ ਹਨ। ਪੁਲੀਸ ਦਾ ਕਹਿਣਾ ਹੈ ਕਿ ਪੰਜਾਬ ਪੁਲੀਸ ਨੇ ਜੂਨ ਮਹੀਨੇ ਦੌਰਾਨ ਗੁਰਦਿਆਲ ਸਿੰਘ, ਜਗਰੂਪ ਸਿੰਘ ਅਤੇ ਸਤਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚੋਂ ਕਈਆਂ ਨੇ ਸਾਲ 2016 ਦੌਰਾਨ ਪਾਕਿਸਤਾਨ ਜਾ ਕੇ ਸਿਖਲਾਈ ਵੀ ਲਈ ਸੀ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਢਲੀ ਪੁੱਛ-ਗਿੱਛ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਮੰਨਿਆ ਹੈ ਕਿ ਸਿੱਖ ਵਿਰੋਧੀ ਮੰਨੇ ਜਾਂਦੇ ਅਹਿਮ ਵਿਅਕਤੀਆਂ ਨੂੰ ਉਨ੍ਹਾਂ ਵੱਲੋਂ ਨਿਸ਼ਾਨਾ ਬਣਾਇਆ ਜਾਣਾ ਸੀ। ਪੰਜਾਬ ਪੁਲੀਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਅਤਿਵਾਦੀਆਂ ਨੂੰ ਪੰਜਾਬ ਲਿਆ ਕੇ ਪੁੱਛ-ਗਿੱਛ ਕੀਤੇ ਜਾਣ ਤੋਂ ਬਾਅਦ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।