ਸੰਗਰੂਰ, 13 ਸਤੰਬਰ

ਇਥੋਂ ਦੀ ਜ਼ਿਲ੍ਹਾ ਪੁਲੀਸ ਨੇ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ 21 ਪਿਸਤੌਲ ਬਰਾਮਦ ਕੀਤੇ ਹਨ ਜੋ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ। ਇਸ ਮਾਮਲੇ ਵਿਚ ਕੁੱਲ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਅਸਲਾ ਫਿਰੋਜ਼ਪੁਰ ਜੇਲ੍ਹ ’ਚ ਬੰਦ ਗੈਂਗਸਟਰ ਨੇ ਮੰਗਵਾਇਆ ਸੀ, ਜਿਸ ਨੂੰ ਪੁਲੀਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਇਸ਼ਾਰੇ ’ਤੇ ਪੈਸੇ ਟਰਾਂਸਫਰ ਕਰਨ ਵਾਲੇ ਲੁਧਿਆਣਾ ਦੇ ਇੱਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਮੱਧ ਪ੍ਰਦੇਸ਼ ’ਚੋਂ ਅਸਲਾ ਸਪਲਾਈ ਕਰਨ ਵਾਲੇ ਤੇ ਕੋਰੀਅਰ ਵਾਲੇ ਨੂੰ ਵੀ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਇਹ ਅਸਲਾ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਰਾਜੀਵ ਕੌਸ਼ਲ ਉਰਫ਼ ਗੁੱਗੂ ਉਰਫ਼ ਗੁਗਲੂ ਨੇ ਮੰਗਵਾਇਆ ਸੀ ਜੋ ਮੋਬਾਈਲ ਜ਼ਰੀਏ ਹੀ ਅਸਲਾ ਸਪਲਾਈ ਕਰਨ ਦੀ ਕਾਰਵਾਈ ਨੂੰ ਅੰਜ਼ਾਮ ਦੇ ਰਿਹਾ ਸੀ ਜਿਸ ਦਾ ਸਬੰਧ ਗੈਂਗਸਟਰ ਰਵੀ ਬਲਾਚੌਰੀਆ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਕੁਝ ਮੈਂਬਰਾਂ ਨਾਲ ਹੈ।

ਏਡੀਜੀਪੀ ਪਟਿਆਲਾ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਥਾਣਾ ਛਾਜਲੀ ਦੇ ਮੁਖੀ ਪ੍ਰਤੀਕ ਜਿੰਦਲ ਸੂਚਨਾ ਮਿਲਣ ’ਤੇ ਮਹਿਲਾ ਚੌਕ ਪੁੱਜੇ ਜਿਥੋਂ ਦੋ ਸ਼ੱਕੀਆਂ ਦੀ ਤਲਾਸ਼ੀ ਲਈ ਤਾਂ ਬੈਗ ਵਿਚੋਂ 30 ਅਤੇ 32 ਬੋਰ ਦੇ 21 ਪਿਸਤੌਲ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਰੌਕੀ ਉਰਫ਼ ਰੋਹਿਤ ਅਤੇ ਕਰਨ ਸ਼ਰਮਾ ਵਾਸੀ ਲੁਧਿਆਣਾ ਵਜੋਂ ਹੋਈ ਹੈ। ਬਲਜਿੰਦਰ ਸਿੰਘ ਖਿਲਾਫ਼ ਪਹਿਲਾਂ ਹੀ 17 ਕੇਸ ਦਰਜ ਹਨ। ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਲੁਧਿਆਣਾ ਤੋਂ ਮੱਧ ਪ੍ਰਦੇਸ਼ ਵਿਚ ਨਾਜਾਇਜ਼ ਅਸਲਾ ਲੈਣ ਗਏ ਸੀ ਜਿਥੋਂ ਉਹ ਵਾਪਸ ਆਉਂਦੇ ਹੋਏ ਬੱਸ ਬਦਲਣ ਲਈ ਮਹਿਲਾ ਚੌਕ ਉਤਰੇ ਸਨ ਜਿਥੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਗੱਲ ਸਾਹਮਣੇ ਆਈ ਕਿ ਇਹ ਅਸਲਾ ਰਾਜੀਵ ਕੌਂਸ਼ਲ ਉਰਫ਼ ਗੁੱਗੂ ਵਾਸੀ ਦੇਹਲਾ ਹਿਮਾਚਲ ਪ੍ਰਦੇਸ਼ ਨੇ ਮੰਗਵਾਇਆ ਸੀ ਅਤੇ ਉਸ ਨੇ ਹੀ ਮੱਧ ਪ੍ਰਦੇਸ਼ ਦੇ ਗੈਰਕਾਨੂੰਨੀ ਹਥਿਆਰ ਬਣਾਉਣ ਵਾਲੇ ਬੰਦੇ ਨਾਲ ਰਾਬਤਾ ਕਰਾਇਆ ਸੀ। ਮੱਧ ਪ੍ਰਦੇਸ਼ ਆਉਣ-ਜਾਣ ਅਤੇ ਹੋਰ ਖਰਚਿਆਂ ਦੇ ਸਬੰਧ ਵਿਚ ਰਾਜੀਵ ਕੌਸ਼ਲ ਦੇ ਇਸ਼ਾਰੇ ’ਤੇ ਪੈਸੇ ਟਰਾਂਸਫਰ ਕਰਨ ਵਾਲੇ ਹੇਮੰਤ ਮਨਹੋਤਾ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜੀਵ ਕੌਸ਼ਲ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਹੈ ਜਿਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।