ਕਿਊਬਿਕ, 4 ਜੂਨ : ਸ਼ਨਿੱਚਰਵਾਰ ਨੂੰ ਕਿਊਬਿਕ ਦੇ ਉੱਤਰਪੂਰਬ ਦੇ ਇੱਕ ਪਿੰਡ ਵਿੱਚ ਮਨੋਰੰਜਨ ਲਈ ਮੱਛੀਆਂ ਫੜ੍ਹਨ ਗਏ ਇੱਕ ਗਰੁੱਪ ਵਿੱਚੋਂ ਚਾਰ ਬੱਚਿਆਂ ਤੇ ਇੱਕ ਬਾਲਗ ਵਿਅਕਤੀ ਦੇ ਡੁੱਬ ਜਾਣ ਕਾਰਨ ਖੁਸ਼ੀ ਦੇ ਪਲ ਮਾਤਮ ਵਿੱਚ ਬਦਲ ਗਏ। ਇਹ ਜਾਣਕਾਰੀ ਪ੍ਰੋਵਿੰਸ਼ੀਅਲ ਪੁਲਿਸ ਨੇ ਦਿੱਤੀ।
ਪੁਲਿਸ ਨੇ ਦੱਸਿਆ ਕਿ ਲਾਪਤਾ ਬਾਲਗ ਵਿਅਕਤੀ, ਜੋ ਕਿ ਆਪਣੇ 30ਵਿਆਂ ਵਿੱਚ ਸੀ, ਦੀ ਲਾਸ਼ ਗੋਤਾਖੋਰਾਂ ਨੂੰ ਨਦੀ ਵਿੱਚੋਂ ਮਿਲੀ ਤੇ ਉਸ ਨੂੰ ਹਸਪਤਾਲ ਪਹੁੰਚਾਉਣ ਉਪਰੰਤ ਮ੍ਰਿਤਕ ਐਲਾਨਿਆ ਗਿਆ। ਇਸ ਤੋਂ ਪਹਿਲਾਂ ਨਦੀ ਦੇ ਕਿਨਾਰੇ ਉੱਤੇ ਚਾਰ ਬੱਚਿਆਂ, ਜਿਨ੍ਹਾਂ ਦੀ ਉਮਰ 10 ਸਾਲ ਤੋਂ ਉੱਤੇ ਸੀ, ਦੀਆਂ ਲਾਸ਼ਾਂ ਮਿਲ ਚੁੱਕੀਆਂ ਸਨ। ਮਾਂਟਰੀਅਲ ਤੋਂ 550 ਕਿਲੋਮੀਟਰ ਉੱਤਰ ਪੂਰਬ ਵੱਲ ਸਥਿਤ ਪੋਰਟਨਿਊਫ-ਸੁਰ-ਮੇਰ ਨੇੜੇ ਜਵਾਰ ਆਉਣ ਕਾਰਨ ਇੱਕ ਗਰੁੱਪ ਦੇ ਪਾਣੀ ਵਿੱਚ ਰੁੜ੍ਹਣ ਦੀ ਜਾਣਕਾਰੀ ਐਮਰਜੰਸੀ ਅਮਲੇ ਨੂੰ ਦਿੱਤੀ ਗਈ।
ਪੁਲਿਸ ਨੇ ਦੱਸਿਆ ਕਿ ਮਾਰੇ ਗਏ ਪੰਜੇ ਵਿਅਕਤੀ 11 ਮੈਂਬਰੀ ਗਰੁੱਪ ਦਾ ਹਿੱਸਾ ਸਨ। ਇਹ ਗਰੁੱਪ ਨਦੀ ਦੇ ਕਿਨਾਰੇ ਉੱਤੇ ਮੱਛੀਆਂ ਫੜ੍ਹ ਰਿਹਾ ਸੀ ਜਦੋਂ ਜਵਾਰ ਕਾਰਨ ਪਾਣੀ ਵੱਧ ਗਿਆ ਤੇ ਇਹ ਸਾਰੇ ਪਾਣੀ ਦੀ ਲਪੇਟ ਵਿੱਚ ਆ ਗਏ। ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਦੇ ਗੋਤਾਖੋਰਾਂ ਤੇ ਕੈਨੇਡੀਅਨ ਫੋਰਸ ਦੇ ਮੈਂਬਰਾਂ ਵੱਲੋਂ ਲਾਪਤਾ ਵਿਅਕਤੀ ਦੀ ਭਾਲ ਲਈ ਪੂਰੀ ਦੁਪਹਿਰ ਛਾਣਬੀਣ ਕੀਤੀ ਗਈ।ਮੇਅਰ ਜੀਨ ਮਾਰਿਸ ਟ੍ਰੈਂਬਲੇ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਬਾਰੇ ਬਹੁਤਾ ਨਹੀਂ ਪਤਾ ਕਿ ਮਾਰੇ ਗਏ ਲੋਕ ਸਥਾਨਕ ਹੀ ਸਨ ਜਾਂ ਨਹੀਂ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।