ਕੇਰਲ ਦੇ ਕੋਝੀਕੋਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮੰਦਿਰ ਦੇ ਤਿਉਹਾਰ ਦੌਰਾਨ ਦੋ ਹਾਥੀਆਂ ਦੇ ਗੁੱਸੇ ਵਿੱਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਹ ਘਟਨਾ ਕੋਇਲਾਂਡੀ ਦੇ ਕੁਰੂਵਾਂਗੜ ਦੇ ਮਾਨਕੁਲੰਗਾਰਾ ਮੰਦਿਰ ਵਿੱਚ ਤਿਉਹਾਰ ਦੌਰਾਨ ਵਾਪਰੀ। ਰਿਪੋਰਟ ਅਨੁਸਾਰ ਹਾਥੀਆਂ ਦੇ ਗੁੱਸੇ ‘ਚ ਆਉਣ ਤੋਂ ਬਾਅਦ ਭਗਦੜ ਮੱਚ ਗਈ, ਜਿਸ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਭਗਦੜ ‘ਚ ਕਰੀਬ ਤੀਹ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ 8 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਕੋਝੀਕੋਡ ਮੈਡੀਕਲ ਕਾਲਜ ਅਤੇ ਨੇੜਲੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।

ਦੱਸ ਦੇਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੰਦਿਰ ‘ਚ ਆਤਿਸ਼ਬਾਜ਼ੀ ਚੱਲ ਰਹੀ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਇਕ ਹਾਥੀ ਨੇ ਨੇੜੇ ਹੀ ਦੂਜੇ ਹਾਥੀ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਲੋਕ ਹਾਥੀਆਂ ਦੇ ਡਰ ਨਾਲ ਇਧਰ-ਉਧਰ ਭੱਜਣ ਲੱਗੇ। ਕੁਝ ਕੋਸ਼ਿਸ਼ਾਂ ਤੋਂ ਬਾਅਦ, ਮਹਾਵਤ ਹਾਥੀਆਂ ਨੂੰ ਕਾਬੂ ਕਰਨ ਵਿੱਚ ਸਫਲ ਹੋ ਗਏ। ਪਰ ਉਦੋਂ ਤੱਕ ਭੀੜ ਵਿੱਚ ਕਈ ਲੋਕ ਕੁਚਲ ਚੁੱਕੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵਾਇਨਾਡ ਜ਼ਿਲ੍ਹੇ ਵਿੱਚ ਇੱਕ 27 ਸਾਲਾ ਵਿਅਕਤੀ ਦੀ ਜੰਗਲੀ ਹਾਥੀ ਦੇ ਸ਼ੱਕੀ ਹਮਲੇ ਵਿੱਚ ਮੌਤ ਹੋ ਗਈ ਸੀ।

ਪੁਲਿਸ ਨੇ ਦੱਸਿਆ ਕਿ ਘਟਨਾ ਮੇਪਦੀ ਪੁਲਿਸ ਸਟੇਸ਼ਨ ਦੀ ਸੀਮਾ ਦੇ ਅਧੀਨ ਅਟਾਮਾਲਾ ਦੇ ਇੱਕ ਕਬਾਇਲੀ ਪਿੰਡ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਦੀ ਪਛਾਣ ਕਬਾਇਲੀ ਭਾਈਚਾਰੇ ਦੇ ਮੈਂਬਰ ਬਾਲਾਕ੍ਰਿਸ਼ਨਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਮੰਗਲਵਾਰ ਰਾਤ ਦੀ ਹੈ ਅਤੇ ਬੁੱਧਵਾਰ ਨੂੰ ਉਸ ਦੀ ਲਾਸ਼ ਮਿਲੀ। ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਸਥਾਨਿਕ ਨਿਵਾਸੀਆਂ ਦੇ ਅਨੁਸਾਰ, ਇਸ ਜ਼ਿਲ੍ਹੇ ਦੇ ਕੇਰਲ-ਤਾਮਿਲਨਾਡੂ ਸਰਹੱਦ ‘ਤੇ ਨੂਲਪੁਝਾ ਪਿੰਡ ਦੇ ਜੰਗਲੀ ਕਿਨਾਰੇ ਵਾਲੇ ਖੇਤਰ ਵਿੱਚ ਜੰਗਲੀ ਹਾਥੀ ਦੇ ਹਮਲੇ ਵਿੱਚ ਇੱਕ 45 ਸਾਲਾ ਵਿਅਕਤੀ ਦੇ ਮਾਰੇ ਜਾਣ ਤੋਂ ਇੱਕ ਦਿਨ ਬਾਅਦ ਇਹ ਘਟਨਾ ਵਾਪਰੀ ਹੈ।