ਚੰਡੀਗੜ੍ਹ, 3 ਜੁਲਾਈ
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਅੱਜ ਸੂਬੇ ਵਿੱਚ ਨਸ਼ਿਆਂ ਦੇ ਪ੍ਰਕੋਪ ’ਤੇ ਹੋਈ ਗਰਮਾ ਗਰਮ ਬਹਿਸ ਦੌਰਾਨ ਪੁਲੀਸ ਦੇ ਸੀਨੀਅਰ ਅਧਿਕਾਰੀ ਨਿਸ਼ਾਨੇ ’ਤੇ ਰਹੇ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਭਾਵੇਂ ਮੀਟਿੰਗ ਦੀ ਸ਼ੁਰੂਆਤ ਸਮੇਂ ਪੁਲੀਸ ਦੀ ਪ੍ਰਸ਼ੰਸਾ ਦੇ ਪੁਲ ਬੰਨ੍ਹਣ ਦੇ ਯਤਨ ਕੀਤੇ ਪਰ ਉਸ ਤੋਂ ਬਾਅਦ ਕਰੀਬ 5 ਘੰਟਿਆਂ ਦੀ ਲੰਮੀ ਬੈਠਕ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਉਚੇਰੀ ਸਿੱਖਿਆ ਮੰਤਰੀ ਬੇਗ਼ਮ ਰਜ਼ੀਆ ਸੁਲਤਾਨਾ ਆਦਿ ਨੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਦੀ ਹੋ ਰਹੀ ਬਦਨਾਮੀ ਅਤੇ ਪੁਲੀਸ ਅਧਿਕਾਰੀਆਂ ਦੀ ਨਾਅਹਿਲੀਅਤ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ।
ਇਨ੍ਹਾਂ ਮੰਤਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੇ ਵਧਦੇ ਪ੍ਰਕੋਪ ਕਾਰਨ ਸਰਕਾਰ ਨੂੰ ਸਿਆਸੀ ਤੌਰ ’ਤੇ ਵੀ ਨੁਕਸਾਨ ਹੋਵੇਗਾ। ਸੂਬੇ ਦੇ ਰਾਜਸੀ ਅਤੇ ਪ੍ਰਸ਼ਾਸਕੀ ਇਤਿਹਾਸ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਇਸ ਗੱਲੋਂ ਵੱਖਰੀ ਸੀ ਕਿ ਪੁਲੀਸ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਨਸ਼ਿਆਂ ਦੇ ਮਾਮਲੇ ਵਿੱਚ ਆਪਣੀਆਂ ਪ੍ਰਾਪਤੀਆਂ ਦੱਸਣ ਲਈ ਵਿਸ਼ੇਸ਼ ਤੌਰ ’ਤੇ ਸੱਦਿਆ ਗਿਆ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੀਟਿੰਗ ਵਿੱਚ ਸ਼ਾਮਲ ਹੁੰਦਿਆਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਤਿੱਖੀਆਂ ਟਿੱਪਣੀਆਂ ਕੀਤੀਆਂ। ਮੀਟਿੰਗ ’ਚ ਮੌਜੂਦ ਰਹੇ ਡੀਜੀਪੀ ਸੁਰੇਸ਼ ਅਰੋੜਾ ਨੇ ਸਮਗਲਰਾਂ ਦੀ ਗ੍ਰਿਫ਼ਤਾਰੀ ਅਤੇ ਨਸ਼ਿਆਂ ਦੀ ਬਰਾਮਦਗੀ ਦੇ ਤੱਥਾਂ ਨਾਲ ਮੰਤਰੀਆਂ ਨੂੰ ਭਰਮਾਉਣ ਦੇ ਯਤਨ ਤਾਂ ਕੀਤੇ ਪਰ ਇਨ੍ਹਾਂ ਤੱਥਾਂ ਨਾਲ ਨਸ਼ਿਆਂ ਦੇ ਮੁੱਦੇ ’ਤੇ ਪੈਦਾ ਹੋਈ ਗਰਮੀ ਨੂੰ ਉਹ ਠੰਢਾ ਨਾ ਕਰ ਸਕੇ। ਸ੍ਰੀ ਸਿੱਧੂ ਨੇ ਥਾਣਾ ਮੁਖੀਆਂ ਦੇ ਜ਼ਿਲ੍ਹਿਆਂ ਤੋਂ ਬਾਹਰ ਤਬਾਦਲੇ ਕਰਨ ਲਈ ਵੀ ਕਿਹਾ। ਡੀਜੀਪੀ ਨੇ ਥਾਣਾ ਮੁਖੀਆਂ ਦੇ ਤਬਾਦਲਿਆਂ ਸਬੰਧੀ ਦਲੀਲ ਦਿੰਦਿਆਂ ਕਿਹਾ ਕਿ ਥਾਣਾ ਮੁਖੀ ਆਮ ਤੌਰ ’ਤੇ ਵਿਧਾਇਕ ਜਾਂ ਹੋਰਨਾਂ ਸਿਆਸਤਦਾਨਾਂ ਦੀ ਸਿਫਾਰਿਸ਼ ’ਤੇ ਹੀ ਲਗਾਏ ਜਾਂਦੇ ਹਨ। ਇਸ ਦੇ ਜਵਾਬ ਵਿੱਚ ਮੰਤਰੀਆਂ ਨੇ ਕਿਹਾ ਕਿ ਐਸਐਸਪੀਜ਼ ਦੀ ਤਾਇਨਾਤੀ ਤਾਂ ਉਹ ਹੀ ਕਰਦੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦੀ ਪਿੱਠ ਵੀ ਥਾਪੜੀ ਅਤੇ ਕਿਹਾ ਕਿ ਐਸਟੀਐਫ ਨੂੰ ਹੋਰ ਮਜ਼ਬੂਤ ਬਣਾਏ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲੀਸ ਅਤੇ ਜੇਲ੍ਹ ਵਿਭਾਗ ਦਰਮਿਆਨ ਤਾਲਮੇਲ ਹੋਵੇ ਤਾਂ ਅਪਰਾਧ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਦਾ ਨਾਮ ਲੈਂਦਿਆਂ ਪੁਲੀਸ ’ਤੇ ਨਿਸ਼ਾਨਾ ਸੇਧਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਾ ਜੋ ਨੁਕਸਾਨ 8 ਜਾਂ 9 ਸਾਲ ਵਿੱਚ ਹੋਇਆ ਸੀ, ਕਾਂਗਰਸ ਸਰਕਾਰ ਦਾ ਇੱਕ ਸਾਲ ਵਿੱਚ ਹੀ ਹੋ ਗਿਆ ਹੈ।
ਨਵਜੋਤ ਸਿੱਧੂ ਤੇ ਸੁਖਜਿੰਦਰ ਰੰਧਾਵਾ ਨੇ ਸੇਧਿਆ ਮਜੀਠੀਆ ’ਤੇ ਨਿਸ਼ਾਨਾ
ਸੂਤਰਾਂ ਮੁਤਾਬਕ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ’ਤੇ ਵੀ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਬਿਕਰਮ ਮਜੀਠੀਆ ਦੇ ਮਾਮਲੇ ਦੀ ਜਾਂਚ ਵਿਸ਼ੇਸ਼ ਟਾਸਕ ਫੋਸਕ (ਐਸਟੀਐਫ) ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਦੋਹਾਂ ਮੰਤਰੀਆਂ ਦੀ ਇਸ ਮੰਗ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁੰਗਾਰਾ ਨਹੀਂ ਭਰਿਆ ਬਲਕਿ ਇਹ ਕਿਹਾ ਕਿ ਇਸ ਮਾਮਲੇ ’ਤੇ ਸੀਬੀਆਈ ਨੂੰ ਲਿਖਿਆ ਗਿਆ ਹੈ। ਉਂਜ ਸੀਬੀਆਈ ਨੂੰ ਕੀ ਲਿਖਿਆ ਗਿਆ ਹੈ ਇਸ ਸਬੰਧੀ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।