ਮੁੰਬਈ — ਸ਼੍ਰੀਦੇਵੀ ਦੀ ਮੌਤ ‘ਤੇ ਗਲਫ ਨਿਊਜ਼ ਨੇ ਵੱਡਾ ਖੁਲਾਸਾ ਕੀਤਾ ਹੈ। ਗਲਫ ਨਿਊਜ਼ ਮੁਤਾਬਕ ਸ਼੍ਰੀਦੇਵੀ ਦੀ ਮੌਤ ਕਾਰਡੀਐਕ ਅਰੈਸਟ ਨਾਲ ਨਹੀਂ, ਸਗੋਂ ਨਸ਼ੇ ਦੀ ਹਾਲਤ ‘ਚ ਬਾਥਟਬ ‘ਚ ਡਿੱਗਣ ਨਾਲ ਹੋਈ ਹੈ। ਸ਼੍ਰੀਦੇਵੀ ਦੇ ਖੂਨ ‘ਚ ਐਲਕੋਹਲ ਦੀ ਮਾਤਰਾ ਪਾਈ ਗਈ ਹੈ। ਬਾਥਰੂਮ ‘ਚ ਉਹ ਆਪਣਾ ਸੰਤੁਲਨ ਗੁਆ ਬੈਠੀ ਤੇ ਬਾਥਟਬ ‘ਚ ਡਿੱਗ ਗਈ। ਰਿਪੋਰਟ ਮੁਤਾਬਕ ਸ਼੍ਰੀਦੇਵੀ ਦੀ ਮੌਤ ਦੀ ਵਜ੍ਹਾ ਐਕਸੀਡੈਂਟਲ ਹੈ।
ਦੁਬਈ ਪੁਲਸ ਜਨਰਲ ਕਮਾਂਡ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ‘ਚ ਉਨ੍ਹਾਂ ਕਿਹਾ, ‘ਫੋਰੈਂਸਕ ਮੈਡੀਕਲ ਰਿਪੋਰਟ ‘ਚ ਇਹ ਪਤਾ ਲੱਗਾ ਹੈ ਕਿ ਭਾਰਤੀ ਅਦਾਕਾਰਾ ਸ਼੍ਰੀਦੇਵੀ ਕਪੂਰ ਦੀ ਮੌਤ ਬਾਥਟਬ ‘ਚ ਸੰਤੁਲਨ ਗੁਆ ਕੇ ਡੁੱਬਣ ਨਾਲ ਹੋਈ ਹੈ।’ਸ਼ੁਰੂਆਤੀ ਖਬਰਾਂ ‘ਚ ਸ਼੍ਰੀਦੇਵੀ ਦੀ ਮੌਤ ਦਾ ਕਾਰਨ ਕਾਰਡੀਐਕ ਅਰੈਸਟ ਦੱਸਿਆ ਗਿਆ ਸੀ ਪਰ ਹੁਣ ਕਾਰਡੀਅਲ ਅਰੈਸਟ ਦਾ ਪੋਸਟਮਾਰਟਮ ਰਿਪੋਰਟ ‘ਚ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਸ਼੍ਰੀਦੇਵੀ ਆਪਣੇ ਪਰਿਵਾਰ ਨਾਲ ਦੁਬਈ ‘ਚ ਭਾਣਜੇ ਮਨੀਸ਼ ਮਰਵਾਹ ਦੇ ਵਿਆਹ ‘ਚ ਸ਼ਾਮਲ ਹੋਣ ਪੁੱਜੀ ਸੀ।
ਅਸਲ ‘ਚ ਸ਼੍ਰੀਦੇਵੀ ਦਾ ਪੋਸਟਮਾਰਟਮ ਐਤਵਾਰ ਨੂੰ ਹੀ ਹੋ ਚੁੱਕਾ ਸੀ ਪਰ ਰਿਪੋਰਟ ਆਉਣ ‘ਚ ਦੇਰੀ ਹੋਈ। ਇਸੇ ਕਾਰਨ ਸ਼੍ਰੀਦੇਵੀ ਦਾ ਡੈੱਥ ਸਰਟੀਫਿਕੇਟ ਵੀ ਅਜੇ ਤਕ ਨਹੀਂ ਬਣਿਆ ਸੀ। ਅਜੇ ਤਕ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਪੁਲਸ ਦੀ ਕਸਟਡੀ ‘ਚ ਸੀ। ਕਾਨੂੰਨੀ ਪ੍ਰਕਿਰਿਆ ‘ਚ 2-3 ਘੰਟੇ ਲੱਗ ਸਕਦੇ ਹਨ। ਇਸੇ ਕਾਰਨ ਉਮੀਦ ਜਤਾਈ ਜਾ ਰਹੀ ਹੈ ਕਿ ਦੇਰ ਸ਼ਾਮ ਤਕ ਹੀ ਮ੍ਰਿਤਕ ਦੇਹ ਮੁੰਬਈ ਲਿਆਂਦੀ ਜਾਵੇਗੀ।