ਕਿਹਾ ਕਿ ਲੋਕ ਕੀਤੇ ਗਏ ਜਾਂ ਨਹੀਂ ਕੀਤੇ ਗਏ ਕੰਮਾਂ ਨੂੰ ਵੇਖ ਕੇ ਹੀ ਵੋਟ ਪਾਉਣਗੇ

ਕਿਹਾ ਕਿ ਔਰਤਾਂ ਦੀ ਸੁਰੱਖਿਆ, ਸਨਮਾਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁੱਖ ਮੁੱਦੇ ਹਨ

ਕਿਹਾ ਕਿ ਸਿਟ ਦੇ ਚਲਾਨ ਨੇ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਨੂੰ ਦੋ ਸਾਲਾਂ ਵਿਚ ਸਾਡੇ ਖ਼ਿਲਾਫ ਕੁੱਝ ਨਹੀਂ ਲੱਭਿਆ। ਫਿਰ ਕਿਸ ਆਧਾਰ ਉੱਤੇ ਅਮਰਿੰਦਰ ਸਾਡੇ ਉਪਰ ਦੋਸ਼ ਲਗਾ ਰਿਹਾ ਹੈ?

ਬਠਿੰਡਾ/ ਬੰਗੀ (ਤਲਵੰਡੀ ਸਾਬੋ)/ ਮਲੋਟ/ ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਲੋਕਾਂ ਦੇ ਕੀਤੇ ਜਾਂ ਨਹੀਂ ਕੀਤੇ ਗਏ ਕੰਮ ਹੀ ਅਸਲੀ ਚੋਣ ਮੁੱਦਾ ਹਨ। ਉਹਨਾਂ ਕਿਹਾ ਕਿ ਅਸੀਂ ਵੋਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਮੌਜੂਦਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾਂ ਬੰਦ ਕੀਤੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦੀ ਤੁਲਨਾ ਅਕਾਲੀ-ਭਾਜਪਾ ਸਰਕਾਰ ਵੱਲੋਂ ਪੂਰੇ ਕੀਤੇ ਵਿਕਾਸ ਕਾਰਜਾਂ ਨਾਲ ਜਰੂਰ ਕਰਨ।

ਇੱਥੇ ਨਾਨਕਪੁਰਾ ਅਤੇ ਮਲੋਟ ਸ਼ਹਿਰ ਵਿਖੇ ਵੱਖ ਵੱਖ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਉਪਰੋਕਤ ਟਿੱਪਣੀਆਂ ਕੀਤੀਆਂ।  

ਸਿਟ ਵੱਲੋਂ ਪੇਸ਼ ਕੀਤੇ ਚਲਾਨ ਬਾਰੇ ਬਠਿੰਡਾ ਵਿਚ ਮੀਡੀਆ ਦੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਿਟ ਨੇ ਕਬੂਲ ਕੀਤਾ ਹੈ ਕਿ ਇਸ ਨੂੰ ਦੋ ਸਾਲਾਂ ਦੀ ਜਾਂਚ ਤੋਂ ਬਾਅਦ ਵੀ ਕਿਸੇ ਅਕਾਲੀ ਆਗੂ ਵਿਰੁੱਧ ਕੋਈ ਸਮੱਗਰੀ ਨਹੀਂ ਮਿਲੀ। ਉਹਨਾਂ ਕਿਹਾ ਕਿ ਜੇਕਰ ਸਿਟ ਨੂੰ ਦੋ ਸਾਲਾਂ ਵਿਚ ਚੁਣੇ ਹੋਏ ਨੁੰਮਾਇਦਿਆਂ ਖ਼ਿਲਾਫ ਕੁੱਝ ਨਹੀਂ ਮਿਲਿਆ ਤਾਂ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਮੁੱਖ ਮੰਤਰੀ ਅਤੇ ਪੰਥਕ ਹੋਣ ਦਾ ਸਵਾਂਗ ਰਚੀ ਬੈਠੇ ਉਸ ਦੇ ਅਖੌਤੀ ਪਿੱਠੂ ਸਾਡੇ ਉੱਪਰ ਕਿਸ ਆਧਾਰ ਉੱਤੇ ਦੋਸ਼ ਲਗਾ ਰਹੇ ਹਨ? ਉਹਨਾਂ ਕਿਹਾ ਕਿ ਸੱਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਉਹਨਾਂ ਕਿਹਾ ਕਿ ਬਰਗਾੜੀ ਮੋਰਚੇ ਦੇ ਇਹ ਅਖੌਤੀ ਆਗੂ ਕਾਂਗਰਸ ਦੇ ਭਾੜੇ ਦੇ ਗੁੰਡੇ ਹਨ, ਜਿਹਨਾਂ ਨੂੰ ਸਿੱਖਾਂ ਦੇ ਮਨਾਂ ਵਿਚ ਭੰਬਲਭੂਸਾ ਪਾਉਣ ਲਈ ਅਤੇ ਖਾਲਸਾ ਪੰਥ ਨੂੰ ਆਗੂ-ਵਿਹੂਣਾ ਕਰਨ ਲਈ ਸਰਕਾਰੀ ਸ਼ਹਿ ਦਿੱਤੀ ਜਾ ਰਹੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਪਰ ਲੋਕਾਂ ਨੇ ਆਖਿਰ ਇਸ ਸਾਰੀ ਸਾਜ਼ਿਸ਼ ਦਾ ਭੇਤ ਪਾ ਲਿਆ ਹੈ ਅਤੇ ਹੁਣ ਸਮੁੱਚਾ ਖਾਲਸਾ ਪੰਥ ਕੇਸਰੀ ਝੰਡੇ ਥੱਲੇ ਦੁਬਾਰਾ ਇੱਕਜਟ ਹੋ ਗਿਆ ਹੈ। ਉਹਨਾਂ ਕਿਹਾ ਕਿ ਇਕੱਲਾ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੀ ਪ੍ਰਤੀਨਿਧਤਾ ਕਰਦਾ ਹੈ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਵੇਖ ਕੇ ਬਹੁਤ ਦੁੱਖ ਹੋਇਆ ਹੈ ਕਿ  ਅਕਾਲੀ-ਭਾਜਪਾ ਦੁਆਰਾ ਕੀਤੇ ਸਾਰੇ ਚੰਗੇ ਕੰਮਾਂ ਨੂੰ ਮੌਜੂਦਾ ਸਰਕਾਰ ਵੱਲੋਂ ਮਿਟਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਿਕਾਇਤਾਂ ਦੂਰ ਕਰਨ ਲਈ ਜਨਤਾ ਵੱਲੋਂ ਕੀਤੀ ਹਰ ਮੰਗ ਦਾ ਮੁੱਖ ਮੰਤਰੀ ਅਤੇ ਉਸ ਦੇ ਮੰਤਰੀਆਂ ਕੋਲ ਇੱਕ ਹੀ ਜੁਆਬ ਹੁੰਦਾ ਹੈ ਕਿ ਖਜ਼ਾਨਾ ਖਾਲੀ ਹੈ। ਉਹਨਾਂ ਕਿਹਾ ਕਿ ਅਸੀਂ ਚਾਰ-ਛੇ ਮਾਰਗੀ ਐਕਸਪ੍ਰੈਸਵੇਅ ਬਣਾਏ, ਫਲਾਈਓਵਰਾਂ, ਰੇਲਵੇ ਓਵਰ ਬਰਿੱਜਾਂ ਅਤੇ ਅੰਡਰ ਬਰਿੱਜਾਂ ਦਾ  ਜਾਲ ਵਿਛਾ ਦਿੱਤਾ, ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਲਈ 40000 ਕਰੋੜ ਰੁਪਏ ਖਰਚੇ ਅਤੇ ਸੜਕਾਂ ਦਾ ਜਾਲ ਵਿਛਾਉਣ ਲਈ 30000 ਕਰੋੜ ਰੁਪਏ ਖਰਚੇ। ਉਹਨਾਂ ਅੱਗੇ ਦੱਸਿਆ ਕਿ ਅਸੀਂ ਪੈਨਸ਼ਨਾਂ ਦਿੰਦੇ ਸੀ, ਸ਼ਗਨ , ਆਟਾ-ਦਾਲ, ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਦਿੰਦੇ ਸੀ, ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ ਅਤੇ ਗਰੀਬਾਂ ਦਾ 50 ਹਜ਼ਾਰ ਤਕ ਦਾ ਮੁਫਤ ਇਲਾਜ  ਅਤੇ 5 ਲੱਖ ਰੁਪਏ ਤਕ ਦਾ ਦੁਰਘਟਨਾ ਬੀਮਾ ਕਰਦੇ ਸੀ। ਕੈਂਸਰ ਦੇ ਹਰ ਮਰੀਜ਼ ਨੂੰ ਇਲਾਜ ਵਾਸਤੇ ਡੇਢ ਲੱਖ ਰੁਪਿਆ ਮਿਲਦਾ ਸੀ। ਪਰ ਅਸੀਂ ਕਦੇ ਖਾਲੀ ਖਜ਼ਾਨੇ ਦੀ ਸ਼ਿਕਾਇਤ ਨਹੀਂ ਕੀਤੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਰੀਆਂ ਸਹੂਲਤਾਂ ਖੋਹ ਲਈਆਂ ਹਨ, ਵਿਕਾਸ ਕਾਰਜ ਬੰਦ ਕਰ ਦਿੱਤੇ ਹਨ ਅਤੇ ਲੋਕਾਂ ਉੱਤੇ ਟੈਕਸ ਵਧਾ ਦਿੱਤੇ ਹਨ। ਕਹਿਣ ਦਾ ਮਤਲਬ ਹੈ ਕਿ ਉਹ ਕਮਾਈ ਤਾਂ ਵੱਧ ਕਰ ਰਹੇ ਹਨ ਪਰ ਲੋਕਾਂ ਉੱਤੇ ਖਰਚ ਇੱਕ ਧੇਲਾ ਵੀ ਨਹੀਂ ਰਹੇ ਹਨ। ਅਜੇ ਵੀ ਖਾਲੀ ਖਜ਼ਾਨੇ ਦਾ ਝੂਠਾ ਰੌਲਾ ਪਾ ਰਹੇ ਹਨ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਅਕਾਲੀ ਦਲ ਦਾ ਮੁੱਖ ਏਜੰਡਾ ਹੈ। ਅਕਾਲੀ ਦਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਵੱਲੋਂ ਉਚਾਰੀ ਬਾਣੀ ਤੋਂ ਪ੍ਰੇਰਣਾ ਲੈਂਦਾ ਹੈ, ਜਿਹਨਾਂ ਨੇ ਔਰਤਾਂ ਨੂੰ ਅਕਾਲ ਪੁਰਖ ਦਾ ਬਾਅਦ ਦਾ ਦਰਜਾ ਦਿੱਤਾ ਹੈ। ਸਭ ਤੋਂ ਪਹਿਲਾਂ ਸਾਡੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਔਰਤਾਂ ਲਈ ਇੱਕ ਤਿਹਾਈ ਰਾਖਵਾਂਕਰਨ ਲਾਗੂ ਕੀਤਾ ਸੀ।  ਉਹਨਾਂ ਕਿਹਾ ਕਿ ਪੰਜਾਬ ਵਿਚ ਔਰਤਾਂ ਖ਼ਿਲਾਫ ਹੋ ਰਹੀਆਂ ਹਿੰਸਾ ਅਤੇ ਅੱਤਿਆਚਾਰ ਦੀਆਂ ਘਟਨਾਵਾਂ ਬਹੁਤ ਹੀ ਦੁਖਦਾਈ ਹਨ, ਪਰੰਤੂ ਸੂਬੇ ਦੇ ਮੁੱਖ ਮੰਤਰੀ ਨੇ ਪਿਛਲੇ ਦੋ ਸਾਲਾਂ ਵਿਚ ਇੱਕ ਵਾਰ ਵੀ ਇਸ ਮੁੱਦੇ ਵੱਲ ਗੌਰ ਨਹੀਂ ਕੀਤਾ ਹੈ।ਜਿਸ ਸਮਾਜ ਦੀ ਅੱਧੀ ਅਬਾਦੀ ਨੂੰ ਵਿਤਕਰੇ, ਧੱਕੇਸ਼ਾਹੀ ਅਤੇ ਨਿਰਾਦਰ ਦਾ ਸਾਹਮਣਾ ਕਰਨਾ ਪਵੇ ਤਾਂ ਉਹ ਸਮਾਜ ਕਦੇ ਤਰੱਕੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਔਰਤਾਂ ਨੂੰ ਤਾਕਤਵਰ ਬਣਾਏ ਜਾਣਾ ਸਮੇਂ ਦੀ ਲੋੜ ਹੈ।