ਦੋਹਾ:ਭਾਰਤੀ ਫੁਟਬਾਲ ਟੀਮ ਦੇ ਸਹਾਇਕ ਕੋਚ ਸ਼ਨਮੁਗਮ ਵੈਂਕਟੇਸ਼ ਦਾ ਕਹਿਣਾ ਹੈ ਕਿ ਮੌਜੂਦਾ ਟੀਮ ਗੇਂਦ ਨੂੰ ਜ਼ਿਆਦਾ ਤੋਂ ਜ਼ਿਆਦਾ ਸਮੇਂ ਲਈ ਆਪਣੇ ਕੋਲ ਰੱਖਦੀ ਹੈ ਅਤੇ ਉਸ ਨੇ 2018 ਵਿਸ਼ਵ ਕੱਪ ਕੁਆਲੀਫਾਇਰ ਲਈ ਖੇਡਣ ਵਾਲੀ ਟੀਮ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਸਟੀਕ ਪਾਸ ਦਿੱਤੇ ਹਨ। ਸੀਨੀਅਰ ਰਾਸ਼ਟਰੀ ਟੀਮ ਦੀ ਅਗਵਾਈ ਕਰ ਚੁੱਕੇ ਵੈਂਕਟੇਸ਼ ਨੇ ਕਿਹਾ, ‘‘ਫੀਫਾ ਵਿਸ਼ਵ ਕੱਪ ਰੂਸ 2018 ਕੁਆਲੀਫਾਇਰ ਦੇ 2015 ਵਿੱਚ ਹੋਏ ਪਹਿਲੇ ਸੱਤ ਮੈਚਾਂ ਦੀ ਤੁਲਨਾ ਕੀਤੀ ਜਾਵੇ ਤਾਂ ਮੌਜੂਦਾ ਟੀਮ ਦਾ ਗੇਂਦ ’ਤੇ ਦਬਦਬਾ ਬਣਾਉਣ ਦਾ ਔਸਤ 10.2 ਫੀਸਦੀ ਵੱਧ ਗਿਆ ਹੈ, ਜੋ 39.8 ਫੀਸਦੀ ਤੋਂ 50 ਫੀਸਦੀ ਹੋਇਆ ਹੈ।’’ ਉਸ ਨੇ ਕਿਹਾ, ‘‘ਪਿਛਲੇ ਕੁਆਲੀਫਾਇਰ ਦੌਰਾਨ ਹਰ ਮੈਚ ਵਿੱਚ ਪਾਸ ਕਰਨ ਦੀ ਗਿਣਤੀ 338 ਸੀ, ਜੋ ਮੌਜੂਦਾ ਟੀਮ ਵਿੱਚ ਵੱਧ ਕੇ 450 ਹੋ ਗਈ ਹੈ।’’