ਓਟਵਾ, 31 ਅਕਤੂਬਰ : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੂੰ 2019 ਦੀਆਂ ਚੋਣਾਂ ਵਿੱਚ ਮਿਲੀ ਹਾਰ ਪਿੱਛੇ ਕਈ ਕਾਰਨ ਸਨ ਪਰ ਗਰਭਪਾਤ ਤੇ ਸਮਲਿੰਗੀ ਵਿਆਹਾਂ ਸਬੰਧੀ ਗੱਲਬਾਤ ਵਰਗੇ ਮੁੱਦੇ ਇਨ੍ਹਾਂ ਵਿੱਚੋਂ ਕੁੱਝ ਸਨ ਜਿਹੜੇ ਐਂਡਰਿਊ ਸ਼ੀਅਰ ਨੂੰ ਲੈ ਡੁੱਬੇ। ਇਹ ਗੱਲ ਸ਼ੀਅਰ ਦੇ ਸਾਬਕਾ ਕੁਲੀਗ ਪੀਟਰ ਮੈਕੇਅ ਨੇ ਆਖੀ।
ਮੈਕੇਅ ਉਹ ਸਾਬਕਾ ਕੰਜ਼ਰਵੇਟਿਵ ਕੈਬਨਿਟ ਮੰਤਰੀ ਹਨ ਜਿਨ੍ਹਾਂ ਦਾ ਨਾਂ ਸ਼ੀਅਰ ਦੀ ਥਾਂ ਉੱਤੇ ਸੰਭਾਵੀ ਲੀਡਰ ਵਜੋਂ ਲਿਆ ਜਾ ਰਿਹਾ ਹੈ। ਅਪਰੈਲ ਵਿੱਚ ਹੋਣ ਵਾਲੇ ਲੀਡਰਸਿ਼ਪ ਮੁਲਾਂਕਣ ਦੇ ਜੋ ਵੀ ਨਤੀਜੇ ਨਿਕਲਣਗੇ ਉਨ੍ਹਾਂ ਤੋਂ ਪਹਿਲਾਂ ਹੀ ਲੀਡਰ ਦੇ ਅਹੁਦੇ ਲਈ ਮੈਕੇਅ ਨੂੰ ਸੰਭਾਵੀ ਉਮੀਦਵਾਰ ਵਜੋਂ ਵੇਖਿਆ ਜਾ ਰਿਹਾ ਹੈ। ਬੁੱਧਵਾਰ ਨੂੰ ਵਾਸਿ਼ੰਗਟਨ ਡੀਸੀ ਵਿੱਚ ਵਿਲਸਨ ਸੈਂਟਰ ਪੈਨਲ ਵਿੱਚ ਹਿੱਸਾ ਲੈਂਦਿਆਂ ਮੈਕੇਅ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਦੇ ਉਤਰਾਅ ਚੜ੍ਹਾਅ ਵਾਲੇ ਚਾਰ ਸਾਲਾਂ ਦੇ ਬਾਵਜੂਦ ਕੈਨੇਡੀਅਨਾਂ ਵੱਲੋਂ ਲਿਬਰਲਾਂ ਦੇ ਹੱਕ ਵਿੱਚ ਦਿੱਤੇ ਗਏ ਫਤਵੇ ਬਾਰੇ ਉਨ੍ਹਾਂ ਦੀ ਕੀ ਰਾਇ ਹੈ ਤਾਂ ਮੈਕੇਅ ਨੇ ਆਖਿਆ ਕਿ ਉਨ੍ਹਾਂ ਦਾ ਤਾਂ ਇਹੋ ਮੰਨਣਾ ਹੈ ਕਿ ਹੁਣ ਜਦੋਂ ਸਾਨੂੰ ਸੱਤਾ ਦੀ ਵਾਗਡੋਰ ਸਾਂਭਣ ਦਾ ਮੌਕਾ ਮਿਲ ਸਕਦਾ ਸੀ ਪਰ ਅਸੀਂ ਉਸ ਮੌਕੇ ਨੂੰ ਕਾਬੂ ਨਹੀਂ ਕਰ ਪਾਏ।
ਫਿਰ ਉਨ੍ਹਾਂ ਦੱਸਿਆ ਕਿ ਸ਼ੀਅਰ ਦੀ ਅਗਵਾਈ ਵਿੱਚ ਕੰਜ਼ਰਵੇਟਿਵਾਂ ਨੂੰ 49 ਸੀਟਾਂ ਨਾਲ ਹਾਰ ਮਿਲੀ। ਮੈਕੇਅ ਨੇ ਆਖਿਆ ਕਿ ਕੁੱਝ ਮੁੱਦੇ ਸਨ ਜਿਨ੍ਹਾਂ ਬਾਰੇ ਸਿਰਫ ਸਿਆਸਤਦਾਨਾਂ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ ਕਰਨੀ ਚਾਹੁੰਦਾ। ਮੈਕੇਅ ਨੇ ਆਖਿਆ ਕਿ ਜਦੋਂ ਮੌਕੇ ਮਿਲਿਆ ਤਾਂ ਇਨ੍ਹਾਂ ਮੁੱਦਿਆਂ ਨਾਲ ਸ਼ੀਅਰ ਨੇ ਸਖ਼ਤੀ ਨਾਲ ਨਹੀਂ ਨਜਿੱਠਿਆ। ਉਨ੍ਹਾਂ ਆਖਿਆ ਕਿ ਜਦੋਂ ਕੈਨੇਡੀਅਨ ਸ਼ੀਅਰ ਜਾਂ ਟਰੂਡੋ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਭੰਬਲਭੂਸੇ ਵਿੱਚ ਸਨ ਤਾਂ ਅਜਿਹੇ ਵਿੱਚ ਵੀ ਕੰਜ਼ਰਵੇਟਿਵਾਂ ਕੋਲ ਕੋਈ ਏਜੰਡਾ ਨਹੀਂ ਸੀ ਜਿਸ ਸਦਕਾ ਲੋਕ ਉਨ੍ਹਾਂ ਨਾਲ ਜੁੜ ਸਕਦੇ।
ਮੈਕੇਅ ਨੇ ਆਖਿਆ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀਆਂ ਵਿੱਚੋਂ ਹੀ ਇੱਕ ਦਾ ਕਹਿਣਾ ਹੈ ਕਿ ਚੋਣਾਂ ਅਜਿਹੇ ਅਹਿਮ ਮੁੱਦੇ ਵਿਚਾਰਨ ਲਈ ਨਹੀਂ ਹੁੰਦੀਆਂ। ਪਰ ਅਜਿਹਾ ਨਹੀਂ ਹੈ, ਚੋਣਾਂ ਵਿੱਚ ਹੀ ਅਜਿਹੇ ਮੁੱਦੇ ਵਿਚਾਰੇ ਜਾਂਦੇ ਹਨ। ਪਰ ਹੁਣ ਨੈੱਟ ਕਾਰਨ ਜਾਣਕਾਰੀ ਫੈਲਣ ਵਿੱਚ ਆਈ ਤੇਜ਼ੀ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਨਿੱਕੇ ਨਿੱਕੇ ਮੁੱਦੇ ਦੀ ਵਾਲ ਦੀ ਖਲ ਕੱਢੀ ਜਾਂਦੀ ਹੈ। ਐਂਡਰਿਊ ਸ਼ੀਅਰ ਦੀ ਕੈਂਪੇਨ ਨਾਲ ਕਿੱਥੇ ਗੜਬੜ ਹੋਈ ਇਸ ਬਾਰੇ ਵਿਸ਼ਲੇਸ਼ਣ ਦੌਰਾਨ ਬਾਰੀਕੀ ਨਾਲ ਅਧਿਐਨ ਕੀਤਾ ਜਾਵੇਗਾ।