ਚੰਡੀਗੜ੍ਹ : ਮੋਹਾਲੀ ਵਿੱਚ ਕਰੀਬ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਸਕੂਲਾਂ ਨੂੰ ਈ-ਮੇਲ ਰਾਹੀਂ ਪ੍ਰਾਪਤ ਹੋਈ। ਸੂਚਨਾ ਮਿਲਦੇ ਹੀ ਸਬੰਧਤ ਸਕੂਲ ਪ੍ਰਬੰਧਕ ਸੁਚੇਤ ਹੋ ਗਏ ਅਤੇ ਸਾਵਧਾਨੀ ਵਜੋਂ ਸਾਰੇ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ। ਇਸ ਸਬੰਧ ਵਿੱਚ ਮਾਪਿਆਂ ਨੂੰ ਮੈਸੇਜ ਭੇਜ ਕੇ ਜਾਣਕਾਰੀ ਦਿੱਤੀ ਗਈ। ਉੱਥੇ ਹੀ ਸਵੇਰੇ ਸਕੂਲ ਪਹੁੰਚੇ ਕਈ ਬੱਚਿਆਂ ਨੂੰ ਗੇਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ। ਸਕੂਲ ਪ੍ਰਸ਼ਾਸ਼ਨ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਅਤੇ ਪ੍ਰਾਪਤ ਹੋਈ ਈ-ਮੇਲ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਵਿਦਿਆਰਥੀਆਂ ਨੂੰ ਵਾਪਸ ਭੇਜ ਰਹੇ ਹਾਂ। ਬੱਸ ਰਾਹੀਂ ਆਉਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਬੰਧਤ ਬੱਸਾਂ ਰਾਹੀਂ ਹੀ ਭੇਜਿਆ ਜਾਵੇਗਾ। ਨਿੱਜੀ ਵਾਹਨਾਂ ਰਾਹੀਂ ਆਉਣ ਵਾਲੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਿੰਨੀ ਜਲਦੀ ਹੋ ਸਕੇ ਵਾਪਸ ਲੈ ਜਾਣ।

ਮਿਲੀ ਜਾਣਕਾਰੀ ਅਨੁਸਾਰ ਸਵੇਰੇ ਲਗਭਗ 7.30 ਵਜੇ ਭੇਜੀ ਗਈ ਈ-ਮੇਲ ਵਿੱਚ ਕਿਹਾ ਗਿਆ ਹੈ ਕਿ ਦੁਪਹਿਰ 1.11 ਵਜੇ ਬੰਬ ਧਮਾਕਾ ਹੋਵੇਗਾ। ਸਵੇਰੇ 8:50 ਵਜੇ ਸਕੂਲਾਂ ਦੇ ਖੁੱਲ੍ਹਣੇ ਸਨ। ਪਰ ਧਮਕੀ ਭਰੀ ਈ-ਮੇਲ ਮਿਲਣ ‘ਤੇ, ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ। ਅਤੇ ਸਕੂਲਾਂ ‘ਚ ਛੁੱਟੀ ਕਰ ਦਿੱਤੀ ਗਈ। ਦੱਸ ਦਈਏ ਕਿ ਧਮਕੀ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਅਲਰਟ ਮੋਡ ਵਿੱਚ ਆ ਗਈਆਂ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਕੂਲ ਕੰਪਲੈਕਸਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਡੀਐਸਪੀ ਸਿਟੀ ਹਰਸਿਮਰਨ ਬਲ ਖੁਦ ਲਰਨਿੰਗ ਪਾਥ ਸਕੂਲ ਪਹੁੰਚੇ, ਜਦਕਿ ਡੀਐਸਪੀ ਸਿਟੀ-1 ਪ੍ਰਿਥਵੀ ਚਾਹਲ ਪੈਰਾਗਾਨ ਸਕੂਲ ਪਹੁੰਚੇ। ਪੁਲਿਸ ਨੇ ਸਾਰੇ ਸਕੂਲਾਂ ਨੂੰ ਸੀਲ ਕਰ ਦਿੱਤਾ ਅਤੇ ਅੰਦਰ ਜਾਂਚ ਕੀਤੀ ਜਾ ਰਹੀ ਹੈ। ਕਿਸੇ ਨੂੰ ਵੀ ਗੇਟ ਤੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ।

ਇਸ ਤੋਂ ਪਹਿਲਾ 28 ਜਨਵਰੀ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ, ਚੰਡੀਗੜ੍ਹ ਦੇ 30 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਇਸ ਤੋਂ ਬਾਅਦ ਪੁਲਿਸ, ਖੁਫੀਆ ਏਜੰਸੀਆਂ ਅਤੇ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਸੀ।