ਮੋਹਾਲੀ: ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਇੰਡਸਟਰੀਅਲ ਏਰੀਆ ਫੇਜ਼-9 ਦੇ ਪਲਾਟ ਨੰਬਰ 315-316 ‘ਤੇ ਸਥਿਤ ਇੱਕ ਹਾਈਟੈਕ ਕੰਪਨੀ ਵਿੱਚ ਆਕਸੀਜਨ ਸਿਲੰਡਰ ਫਟਣ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਧਮਾਕੇ ਵਿੱਚ ਦੋ ਲੋਕਾਂ, ਦੇਵੇਂਦਰ ਅਤੇ ਆਸਿਫ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਅਤੇ ਫੈਕਟਰੀ ਮਾਲਕ ਨਾਲ ਹੱਥੋਪਾਈ ਕੀਤੀ।

ਮੁੱਢਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਕੰਪਨੀ ਦੇ ਅਹਾਤੇ ਵਿੱਚ ਕੰਮ ਦੌਰਾਨ ਹੋਇਆ ਹੈ। ਆਕਸੀਜਨ ਸਿਲੰਡਰ ਫਟਣ ਨਾਲ ਕੰਪਨੀ ਨੂੰ ਭਾਰੀ ਨੁਕਸਾਨ ਹੋਇਆ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਸਥਾਨਿਕ ਪੁਲਿਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਹਾਦਸੇ ਤੋਂ ਬਾਅਦ ਸਥਾਨਿਕ ਲੋਕ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਦੀ ਪੁਲਿਸ ਅਤੇ ਫੈਕਟਰੀ ਮਾਲਕ ਨਾਲ ਝੜਪ ਹੋ ਗਈ।

ਗੁੱਸੇ ਵਿੱਚ ਆਏ ਲੋਕਾਂ ਨੇ ਸੁਰੱਖਿਆ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਹਾਦਸੇ ਦਾ ਕਾਰਨ ਬਣਨ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਿਲੰਡਰ ਫਟਣ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।