ਕਰਾਚੀ, 21 ਜੂਨ
ਸਾਬਕਾ ਟੈਸਟ ਕ੍ਰਿਕਟਰ ਮੋਹਿਸਨ ਖ਼ਾਨ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੀ ਕ੍ਰਿਕਟ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਕਮੇਟੀ ਨੂੰ ਵਿਸ਼ਵ ਕੱਪ ਸਣੇ ਬੀਤੇ ਦਿਨ ਸਾਲਾਂ ਵਿੱਚ ਪਾਕਿਸਤਾਨ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨਾ ਹੈ। ਪੀਸੀਬੀ ਨੇ ਅੱਜ ਦੱਸਿਆ ਕਿ ਮੋਹਸਿਨ ਨੇ ਪੀਸੀਬੀ ਪ੍ਰਧਾਨ ਅਹਿਸਾਨ ਮਨੀ ਨੂੰ ਅਪੀਲ ਕੀਤੀ ਕਿ ਉਸ ਨੂੰ ਇਸ ਅਹੁਦੇ ਤੋਂ ਮੁਕਤ ਕੀਤਾ ਜਾਵੇ ਅਤੇ ਹੁਣ ਇਸ ਕਮੇਟੀ ਦੀ ਅਗਵਾਈ ਵਸੀਮ ਖ਼ਾਨ ਕਰੇਗਾ, ਜੋ ਬੋਰਡ ਦਾ ਪ੍ਰਬੰਧਕ ਨਿਰਦੇਸ਼ਕ ਹੈ।
ਇਹ ਕਮੇਟੀ ਬੀਤੇ ਸਾਲ ਅਕਤੂਬਰ ਵਿੱਚ ਬਣਾਈ ਗਈ ਸੀ, ਪਰ ਇਹ ਹੁਣ ਤੱਕ ਗ਼ੈਰ-ਸਰਗਰਮ ਹੀ ਰਹੀ। ਆਈਸੀਸੀ ਵਿਸ਼ਵ ਕੱਪ ਵਿੱਚ ਭਾਰਤ ਤੋਂ ਤਕੜੀ ਹਾਰ ਮਿਲਣ ਮਗਰੋਂ ਕਮੇਟੀ ਨੂੰ ਬੀਤੇ ਤਿੰਨ ਸਾਲਾਂ ਦੌਰਾਨ ਟੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਨੀ ਨੇ ਕਿਹਾ, ‘‘ਮੋਹਸਿਨ ਵਰਗੇ ਕਦਾਵਰ ਵਿਅਕਤੀ ਦੇ ਜਾਣ ਨਾਲ ਹਮੇਸ਼ਾ ਮੁਸ਼ਕਲ ਹੁੰਦੀ ਹੈ, ਪਰ ਅਸੀਂ ਉਸ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਾਂ। ਮੈਂ ਉਸ ਦੇ ਯੋਗਦਾਨ ਲਈ ਸ਼ੁੱਕਰਗੁਜ਼ਾਰ ਹਾਂ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।’’