ਮੁੰਬਈ: ਮੋਰੱਕੋ ਦੀ ਜੰਮਪਲ ਅਦਾਕਾਰਾ ਨੋਰਾ ਫਤੇਹੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੋਰੱਕੋ ਵਿੱਚ ਆਏ ਭੂਚਾਲ ਮਗਰੋਂ ਦੁੱਖ ਦਾ ਪ੍ਰਗਟਾਵਾ ਕਰਨ ਅਤੇ ਪੀੜਤਾਂ ਵਾਸਤੇ ਮਦਦ ਭੇਜਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਮੋਰੱਕੋ ਵਿੱਚ ਆਏ ਭਿਆਨਕ ਭੂਚਾਲ ਨੇ ਵੱਡੀ ਪੱਧਰ ’ਤੇ ਨੁਕਸਾਨ ਕੀਤਾ ਹੈ, ਜਿਸ ਕਰ ਕੇ ਵੱਡੀ ਗਿਣਤੀ ਲੋਕ ਬੇਘਰ ਹੋ ਗਏ ਹਨ ਤੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਸਾਂਝੀ ਕੀਤੀ ਗਈ ਪੋਸਟ ਲਈ ਧੰਨਵਾਦ ਕਰਦਿਆਂ ਨੋਰਾ ਫਤੇਹੀ ਨੇ ਕਿਹਾ, ‘‘ਇਸ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਸ ਔਖੀ ਘੜੀ ਵਿੱਚ ਮਦਦ ਲਈ ਅੱਗੇ ਆਉਣ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੋ। ਮੋਰੱਕੋ ਵਾਸੀ ਤੁਹਾਡੀ ਇਸ ਮਦਦ ਲਈ ਬਹੁਤ-ਬਹੁਤ ਸ਼ੁਕਰਗੁਜ਼ਾਰ ਹਨ…ਜੈ ਹਿੰਦ।’’ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮੋਰੱਕੋ ਵਿੱਚ ਆਏ 6.8 ਤੀਬਰਤਾ ਦੇ ਭੂਚਾਲ ਨਾਲ ਮੋਰੱਕੋ ਵਿੱਚ ਇਕ ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 1200 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਸਨ।