ਦੋਹਾ, 17 ਦਸੰਬਰ
ਕਤਰ ’ਚ ਖੇਡੇ ਜਾ ਰਹੇ ਫੀਫਾ ਫੁਟਬਾਲ ਵਿਸ਼ਵ ਕੱਪ ’ਚ ਤੀਜੇ ਸਥਾਨ ਲਈ ਮੋਰੱਕੋ ਅਤੇ ਕ੍ਰੋਏਸ਼ੀਆ ਦੀਆਂ ਟੀਮਾਂ ਵਿਚਾਲੇ ਭਲਕੇ ਰਾਤ ਸਾਢੇ 8 ਵਜੇ ਮੁਕਾਬਲਾ ਹੋਵੇਗਾ। ਸੈਮੀਫਾਈਨਲ ’ਚ ਮੋਰੱਕੋ ਨੂੰ ਫਰਾਂਸ ਅਤੇ ਕ੍ਰੋਏਸ਼ੀਆ ਨੂੰ ਅਰਜਨਟੀਨਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੋਰੱਕੋ ਦੀ ਟੀਮ ਨੇ ਵਿਸ਼ਵ ਕੱਪ ਦੇ ਆਖਰੀ ਚਾਰ ’ਚ ਪਹੁੰਚ ਕੇ ਇਤਿਹਾਸ ਸਿਰਜਿਆ ਸੀ।
ਮੋਰੱਕੋ ਦੇ ਖਿਡਾਰੀ ਜ਼ਕਰੀਆ ਅਬੂਖਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ 2022 ਦੇ ਵਿਸ਼ਵ ਕੱਪ ਦੀ ਸਮਾਪਤੀ ਜਿੱਤ ਨਾਲ ਕਰਨਾ ਚਾਹੇਗੀ। ਮੋਰੱਕੋ ਦੇ ਇਸ ਖਿਡਾਰੀ ਦਾ ਜਨਮ ਨੈਦਰਲੈਂਡਜ਼ ’ਚ ਹੋਇਆ ਸੀ ਅਤੇ ਉਹ ਨਵੰਬਰ 2020 ਤੋਂ ਮੋਰੱਕੋ ਲਈ ਖੇਡ ਰਿਹਾ ਹੈ।
ਉਸ ਨੇ ਕਿਹਾ ਕਿ ਵਿਸ਼ਵ ਕੱਪ ਦਾ ਤਜਰਬਾ ਜ਼ਬਰਦਸਤ ਰਿਹਾ। ‘ਵਿਸ਼ਵ ਕੱਪ ’ਚ ਖੇਡਣ ਦਾ ਮੇਰਾ ਸੁਫ਼ਨਾ ਸੀ ਅਤੇ ਇਹ ਮੈਂ 22 ਵਰ੍ਹਿਆਂ ’ਚ ਹੀ ਪੂਰਾ ਕਰ ਲਿਆ ਹੈ।’ ਕਈ ਲੋਕਾਂ ਦਾ ਮੰਨਣਾ ਹੈ ਕਿ ਤੀਜੇ ਸਥਾਨ ਦੇ ਮੈਚ ਦੀ ਕੋਈ ਲੋੜ ਨਹੀਂ ਹੈ ਪਰ ਅਬੂਖਲ ਇਸ ਤੋਂ ਸਹਿਮਤ ਨਹੀਂ ਹੈ। ਉਸ ਨੇ ਕਿਹਾ ਕਿ ਮੋਰੱਕੋ ਵਿਸ਼ਵ ਕੱਪ ’ਚ ਤੀਜਾ ਸਥਾਨ ਹਾਸਲ ਕਰਨ ਲਈ ਪੂਰਾ ਜ਼ੋਰ ਲਗਾਏਗਾ। ਕ੍ਰੋਏਸ਼ੀਆ ਦੇ ਫਾਰਵਰਡ ਕ੍ਰਾਮਰਿਚ ਤੀਜੇ ਸਥਾਨ ਦੇ ਮੁਕਾਬਲੇ ਨੂੰ ਆਪਣੇ ਮੁਲਕ ਦੇ ਫੁਟਬਾਲ ਨਾਇਕਾਂ ’ਚ ਅਮਰ ਬਣਨ ਵਜੋਂ ਦੇਖ ਰਹੇ ਹਨ।
ਉਸ ਨੇ ਕਿਹਾ ਕਿ ਟੀਮ ਦੇ ਅੱਠ ਖਿਡਾਰੀਆਂ ਨੂੰ ਵਿਸ਼ਵ ਕੱਪ ’ਚ ਤਗਮਾ ਜਿੱਤਣ ਦਾ ਅਹਿਸਾਸ ਹੈ। ਕ੍ਰਾਮਰਿਚ ਨੇ ਕਿਹਾ ਕਿ ਮੁੜ ਤੋਂ ਤਗਮਾ ਹਾਸਲ ਕਰਨ ਨੂੰ ਲੈ ਕੇ ਖਿਡਾਰੀ ਉਤਸ਼ਾਹਿਤ ਹਨ ਅਤੇ ਉਹ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕਰਨਗੇ।