ਇਕ ਵਾਰੀ ਦੀ ਗੱਲ ਹੈ ਕਿ ਦੋ ਖਰਗੋਸ਼ ਸਨ। ਇਕ ਦਾ ਨਾਮ ਬੰਨੀ ਤੇ ਦੂਸਰੇ ਦਾ ਨਾਮ ਸੀ ਮੋਮੋ। ਉਹ ਬਹੁਤਾ ਖੇਤਾਂ ’ਚ ਹੀ ਰਹਿੰਦੇ ਤੇ ਇੱਧਰ ਉੱਧਰ ਦੌੜਦੇ, ਛਾਲਾਂ ਮਾਰਦੇ ਬਹੁਤ ਪਿਆਰੇ ਲੱਗਦੇ। ਉਹ ਸਾਰਾ ਦਿਨ ਉੱਥੋਂ ਕੁਝ ਨਾ ਕੁਝ ਖਾਂਦੇ ਹੀ ਰਹਿੰਦੇ, ਕਦੀ ਘਾਹ, ਕਦੀ ਪੱਠੇ ਤੇ ਗੋਭੀ ਆਦਿ।
ਜਦੋਂ ਕਦੀ ਖੇਤਾਂ ਦਾ ਮਾਲਕ ਉਨ੍ਹਾਂ ਨੂੰ ਹਟਾਉਂਦਾ ਤਾਂ ਉਹ ਝੱਟ ਦੌੜ ਜਾਂਦੇ ਸਨ। ਇਕ ਦਿਨ ਜਦੋਂ ਇਕ ਖੇਤ ’ਚ ਉਹ ਬੰਦ-ਗੋਭੀ ਖਾਣ ਦਾ ਮਜ਼ਾ ਲੈ ਰਹੇ ਸਨ ਤਾਂ ਕਿਸਾਨ ਨੇ ਆ ਕੇ ਉਨ੍ਹਾਂ ਨੂੰ ਜ਼ੋਰ ਦੀ ਦਬਕਾ ਮਾਰਿਆ ਤੇ ਉਹ ਡਰ ਨਾਲ ਬਹੁਤ ਤੇਜ਼ ਦੌੜਦੇ ਹੋਏ ਇਕ ਝਾੜੀ ਕੋਲ ਪਹੁੰਚ ਗਏ। ਕੁਝ ਦੇਰ ਆਰਾਮ ਕਰਕੇ ਉਨ੍ਹਾਂ ਦੇਖਿਆ ਕਿ ਝਾੜੀ ਦੇ ਪਿਛਲੇ ਪਾਸੇ ਖਰਬੂਜ਼ਿਆਂ ਦੀ ਵੇਲ ਸੀ,ਜਿਸ ਨਾਲ ਦੋ ਖਰਬੂਜ਼ੇ ਲੱਗੇ ਹੋਏ ਸਨ। ਉਹ ਹਾਲੀ ਛੋਟੇ ਸਨ। ਉਨ੍ਹਾਂ ਦਾ ਮਨ ਖਾਣ ਵਾਸਤੇ ਲਲਚਾ ਗਿਆ, ਪਰ ਬੰਨੀ ਥੋੜ੍ਹਾ ਸਿਆਣਾ ਸੀ, ਉਹ ਕਹਿਣ ਲੱਗਾ, ‘ਇਨ੍ਹਾਂ ਨੂੰ ਹਾਲੀ ਹੋਰ ਵੱਡੇ ਹੋਣ ਦੇਈਏ, ਫੇਰ ਇਹ ਬੜੇ ਮਿੱਠੇ ਤੇ ਸਵਾਦੀ ਹੋ ਜਾਣਗੇ।’ ਮੋਮੋ ਮੰਨ ਗਿਆ।
ਹੁਣ ਰੋਜ਼ ਬੰਨੀ ਤੇ ਮੋੋਮੋ ਆਪਣੇ ਤਿੱਖੇ ਦੰਦਾਂ ਨਾਲ ਸਬਜ਼ੀਆਂ ਦੇ ਪੱਤੇ ਟੁਕਰ ਟੁਕਰ ਖਾਂਦੇ, ਖੇਡਾਂ ਖੇਡਦੇ ਤੇ ਰੋਜ਼ ਝਾੜੀਆਂ ਵੱਲ ਆ ਕੇ ਆਪਣੇ ਖਰਬੂਜ਼ਿਆਂ ਦਾ ਧਿਆਨ ਰੱਖਦੇ, ਉਨ੍ਹਾਂ ਨੂੰ ਵੱਡੇ ਹੁੰਦਿਆਂ ਦੇਖਦੇ ਤੇ ਮਨ ’ਚ ਖ਼ੁਸ਼ ਹੁੰਦੇ। ਇਕ ਦਿਨ ਮੋਮੋ ਕਹਿਣ ਲੱਗਾ, ‘ਯਾਰ, ਮੇਰਾ ਤਾਂ ਹੁਣ ਇਨ੍ਹਾਂ ਨੂੰ ਖਾਣ ਨੂੰ ਜੀਅ ਕਰਦਾ ਹੈ।’ ਬੰਨੀ ਕਹਿਣ ਲੱਗਾ, ‘ਹੁਣ ਤਾਂ ਬਸ ਕੁਝ ਦਿਨਾਂ ਦੀ ਗੱਲ ਹੈ, ਰੁਕ ਜਾ। ਨਾਲੇ ਮੇਰੇ ਮਨ ’ਚ ਇਕ ਸਕੀਮ ਹੈ, ਜੇ ਤੂੰ ਮੰਨ ਲਏਂ। ਦੇਖ, ਸਾਨੂੰ ਕਈ ਵਾਰੀ ਸਾਡੇ ਖਰਗੋਸ਼ ਦੋਸਤਾਂ ਨੇ ਪਾਰਟੀ ਦਿੱਤੀ ਹੈ, ਅਸੀਂ ਇਕੱਠੇ ਖਾ ਪੀ ਕੇ ਕਿੰਨੇ ਮਜ਼ੇ ਕਰਦੇ ਰਹੇ ਹਾਂ ਤੇ ਕੀ ਇਹ ਚੰਗੀ ਗੱਲ ਨਹੀਂ ਕਿ ਐਤਕੀਂ ਅਸੀਂ ਉਨ੍ਹਾਂ ਨੂੰ ਪਾਰਟੀ ਦੇਈਏ।’
ਮੋਮੋ ਨੇ ਕਿਹਾ, ‘ਹਾਂ,ਗੱਲ ਤਾਂ ਠੀਕ ਹੈ।’
ਫੇਰ ਬੰਨੀ ਤੇ ਮੋਮੋ ਨੇ ਤਰੀਕ ਮਿੱਥ ਕੇ ਦੋਸਤਾਂ ਨੂੰ ਪਾਰਟੀ ਦਾ ਸੱਦਾ ਦੇ ਦਿੱਤਾ। ਕੁਝ ਦਿਨਾਂ ਬਾਅਦ ਖਰਬੂਜ਼ੇ ਪੱਕ ਗਏ ਤੇ ਉਨ੍ਹਾਂ ਦੇ ਨੇੜਿਓਂ ਮਿੱਠੀ ਮਿੱਠੀ ਖ਼ੁਸ਼ਬੂ ਆਉਣ ਲੱਗ ਪਈ। ਪਾਰਟੀ ਦਾ ਦਿਨ ਵੀ ਨੇੜੇ ਆ ਗਿਆ, ਪਰ ਪਾਰਟੀ ਤੋਂ ਇਕ ਦਿਨ ਪਹਿਲਾਂ ਮੋਮੋ ਮੁੱਕਰ ਗਿਆ। ਉਹ ਕਹਿਣ ਲੱਗਾ, ‘ਨਹੀਂ ਬੰਨੀ, ਮੈਂ ਨਹੀਂ ਕੋਈ ਵੀ ਪਾਰਟੀ-ਪੂਰਟੀ ਦੇਣੀ। ਅਸੀਂ ਕਿੰਨਾ ਧਿਆਨ ਰੱਖ ਕੇ ਖਰਬੂਜ਼ੇ ਬਚਾਏ ਹਨ ਤੇ ਉਨ੍ਹਾਂ ਨੂੰ ਪਾਰਟੀ ਕਾਹਦੀ? ਨਾਲੇ ਮੈਂ ਹਾਲੀ ਆਪਣੇ ਖਰਬੂਜ਼ੇ ਨੂੰ ਕੁਝ ਦਿਨ ਹੋਰ ਵੱਡਾ ਹੋਣ ਦੇਣਾ ਹੈ।’
ਇਸ ਗੱਲ ’ਤੇ ਬੰਨੀ ਨੇ ਮੋਮੋ ਨੂੰ ਸਮਝਾਇਆ, ‘ਇਹ ਗੱਲ ਚੰਗੀ ਨਹੀਂ, ਸਾਰੇ ਦੋਸਤ ਕੀ ਕਹਿਣਗੇ? ਹਾਂ, ਤੇ ਇਕ ਗੱਲ ਤੈਨੂੰ ਮੈਂ ਹੋਰ ਦੱਸਾਂ ਕਿ ਇਸ ਖਰਬੂਜ਼ੇ ਨੇ ਹੁਣ ਹੋਰ ਵੱਡਾ ਨਹੀਂ ਹੋਣਾ। ਇਹ ਠੀਕ ਤਰ੍ਹਾਂ ਪੱਕ ਚੁੱਕਾ ਹੈ, ਇਸਨੇ ਹੁਣ ਦਿਨੋ ਦਿਨ ਸੁੰਗੜਦੇ ਜਾਣਾ ਹੈ ਤੇ ਫੇਰ ਬਿਲਕੁਲ ਸੜ ਸੁੱਕ ਜਾਣਾ ਹੈ, ਇਸ ’ਚੋਂ ਬਦਬੂ ਆਉਣ ਲੱਗ ਪੈਣੀ ਹੈ ਤੇ ਇਹ ਖਾਣ ਯੋਗ ਨਹੀਂ ਰਹਿਣਾ।’ ਪਰ ਮੋਮੋ ’ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ। ਉਹ ਲਾਲਚ ਵਿਚ ਆ ਗਿਆ ਸੀ। ਸਗੋਂ ਉਹ ਕਹਿਣ ਲੱਗਾ, ‘ਜਾ ਜਾ ਦੇਖੀਂ, ਇਹ ਹੋਰ ਵੱਡਾ ਹੋਵੇਗਾ ਤੇ ਮਿੱਠਾ ਵੀ, ਮੈਂ ਆਪ ਹੀ ਇਹ ਸਾਰਾ ਖਾਵਾਂਗਾ।’
ਅਗਲੇ ਦਿਨ ਸਾਰੇ ਦੋਸਤ ਆ ਗਏ। ਬੰਨੀ ਨੇ ਮੋਮੋ ਵਾਲੀ ਗੱਲ ਉਨ੍ਹਾਂ ਨੂੰ ਦੱਸੀ। ਦੋਸਤ ਉਸਦੀ ਇਸ ਗੱਲ ’ਤੇ ਹੱਸਣ ਲੱਗੇ ਤੇ ਇਹ ਕਹਿ ਕੇ ਮਜ਼ਾਕ ਉਡਾਉਣ ਲੱਗੇ, ‘ਹਾਂ ਬਈ, ਇਸਨੇ ਤਾਂ ਬਹੁਤ ਵੱਡਾ ਸਾਰਾ ਮਿੱਠਾ ਖਰਬੂਜ਼ਾ ਖਾਣਾ ਹੈ ਤੇ ਫੇਰ ਮੋਮੋ ਸਾਹਿਬ ਦਾ ਨਾਮ ਗਿੰਨੀਜ਼ ਬੁੱਕ ’ਚ ਆ ਜਾਣਾ ਹੈ, ਹਾ-ਹਾ-ਹਾ…।’ ਤੇ ਉਹ ਸਾਰੇ ਦੋਸਤ ਬੰਨੀ ਵਾਲਾ ਖਰਬੂਜ਼ਾ ਖਾਂਦੇ, ਨੱਚਦੇ ਗਾਉਂਦੇ ਪਾਰਟੀ ਦਾ ਮਜ਼ਾ ਲੈਂਦੇ ਰਹੇ। ਮੋਮੋ ਨੇ ਉਨ੍ਹਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ।
ਮੋਮੋ ਉੱਥੇ ਬੈਠ ਕੇ ਆਪਣੇ ਖਰਬੂਜ਼ੇ ਦੀ ਰਾਖੀ ਕਰਨ ਲੱਗਾ, ਪਰ ਖਰਬੂਜ਼ਾ ਤਾਂ ਦੋ ਕੁ ਦਿਨਾਂ ’ਚ ਹੀ ਬਿਲਕੁਲ ਸੁੰਗੜ ਗਿਆ ਸੀ ਤੇ ਉਸਦੇ ਨੇੜਿਓਂ ਬਦਬੂ ਵੀ ਆਉਣ ਲੱਗ ਪਈ ਸੀ। ਮੋਮੋ ਨੂੰ ਹੁਣ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਤੇ ਪਤਾ ਲੱਗ ਗਿਆ ਕਿ ਉਸਨੇ ਲਾਲਚ ਵੱਸ ਖਰਬੂਜ਼ਾ ਵੀ ਗੁਆ ਲਿਆ ਸੀ ਤੇ ਦੋਸਤਾਂ ਨਾਲ ਵੀ ਵਿਗਾੜ ਲਈ ਸੀ। ਉਹ ਆਪਣੀ ਗ਼ਲਤੀ ’ਤੇ ਪਛਤਾ ਰਿਹਾ ਸੀ ਤੇ ਇਸ ਲਈ ਉਸ ਨੇ ਬੰਨੀ ਕੋਲੋਂ ਮੁਆਫ਼ੀ ਵੀ ਮੰਗ ਲਈ ਸੀ। ਜਦੋਂ ਬਾਕੀ ਦੋਸਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸਦੀ ਬੇਵਕੂਫ਼ੀ ’ਤੇ ਹੱਸਣ ਲੱਗੇ ਤੇ ਕਹਿਣ ਲੱਗੇ, ‘ਵਾਹ ਬਈ ਮੋਮੋ ਸਾਹਿਬ, ਨਹੀਂ ਰੀਸਾਂ ਤੁਹਾਡੀਆਂ!’