ਨਵੀਂ ਦਿੱਲੀ, 24 ਅਗਸਤ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦਾਅਵਾ ਕੀਤਾ ਕਿ ਮਨਰੇਗਾ ਦੇ ਬਜਟ ਵਿੱਚ ਇੱਕ ਤਿਹਾਈ ਕਟੌਤੀ ਦੇ ਬਾਵਜੂਦ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵੱਲ 18 ਸੁੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸ ਪ੍ਰੋਗਰਾਮ ਤਹਿਤ ਮਜ਼ਦੂਰੀ ਦੇ 6,366 ਕਰੋੜ ਰੁਪਏ ਬਕਾਇਆ ਹਨ।

ਉਨ੍ਹਾਂ ਨੇ 2005 ’ਚ ਅੱਜ ਦੇ ਹੀ ਦਿਨ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਦਿਹਾਤੀ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਮਨਰੇਗਾ ਦੀ ਵੀ ਸ਼ਲਾਘਾ ਕੀਤੀ। ਕਾਂਗਰਸ ਪ੍ਰਧਾਨ ‘ਐਕਸ’ ਉੱਤੇ ਪੋਸਟ ’ਚ ਕਿਹਾ, ‘‘2005 ’ਚ ਅੱਜ ਦੇ ਹੀ ਦਿਨ ਸਾਡੀ ਕਾਂਗਰਸ-ਯੂਪੀਏ ਸਰਕਾਰ ਨੇ ਕਰੋੜਾਂ ਲੋਕਾਂ ਲਈ ‘ਕੰਮ ਦਾ ਅਧਿਕਾਰ’ ਯਕੀਨੀ ਬਣਾਉਣ ਲਈ ਮਨਰੇਗਾ (ਮਹਾਤਮਾ ਗਾਂਧੀ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ) ਲਾਗੂ ਕੀਤਾ ਸੀ।’’ ਉਨ੍ਹਾਂ ਦਾਅਵਾ ਕੀਤਾ, ‘‘ਭਾਵੇਂ ਮੋਦੀ ਸਰਕਾਰ ਨੇ ਇਸ ਸਾਲ ਮਨਰੇਗਾ ਦੇ ਬਜਟ ’ਚ 33 ਫ਼ੀਸਦ ਕਟੌਤੀ ਕੀਤੀ ਹੈ ਅਤੇ 18 ਸੁੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਮਨਰੇਗਾ ਮਜ਼ਦੂਰੀ ਦੇ 6,366 ਕਰੋੜ ਰੁਪਏ ਬਕਾਇਆ ਹਨ, ਫਿਰ ਵੀ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਇਹ ਮੁੱਖ ਪ੍ਰੋਗਰਾਮ 14.42 ਕਰੋੜ ਸਰਗਰਮ ਮਜ਼ਦੂਰਾਂ ਦਾ ਸਮਰਥਨ ਕਰਦਾ ਹੈ। ਇਨ੍ਹਾਂ ਮਜ਼ਦੂਰਾਂ ’ਚ ਅੱਧੇ ਤੋਂ ਵੱਧ ਔਰਤਾਂ ਹਨ।’’ ਉਨ੍ਹਾਂ ਆਖਿਆ, ‘‘ਕਰੋਨਾ ਮਹਾਮਾਰੀ ਸਮੇਂ ਤਾਲਾਬੰਦੀ ਦੌਰਾਨ ਮਨਰੇਗਾ ੲਿੱਕ ਜੀਵਨ ਰੱਖਿਅਕ ਸੀ।’’