ਨਵੀਂ ਦਿੱਲੀ, 13 ਅਗਸਤ

ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਦੇਸ਼ ਦੀ ਸੰਸਦ ਨੂੰ ਗੈਰਪ੍ਰਸੰਗਿਕ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਇਜਲਾਸ ਦੌਰਾਨ ਭਾਜਪਾ ਦੀਆਂ ਕਥਿਤ ਆਪਹੁਦਰੀਆਂ ਕਰਕੇ ਵਿਰੋਧੀ ਧਿਰਾਂ ਗੁੱਸੇ ਵਿੱਚ ਹਨ, ਕਿਉਂਕਿ ਸੰਸਦ ਵਿੱਚ ਪੇਸ਼ ਕਈ ਬਿੱਲਾਂ ਨੂੰ ਅਜੇ ਤੱਕ ਸੰਸਦੀ ਕਮੇਟੀ ਕੋਲ ਨਜ਼ਰਸਾਨੀ ਲਈ ਵੀ ਨਹੀਂ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਸਿਰਫ 12 ਫੀਸਦ ਬਿੱਲ ਸੰਸਦ ਕਮੇਟੀ ਕੋਲ ਨਜ਼ਰਸਾਨੀ ਲਈ ਭੇਜੇ ਗਏ ਹਨ ਜਦੋਂ ਕਿ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ 27 ਫੀਸਦ ਬਿੱਲ ਅਤੇ ਇਸ ਤੋਂ ਪਹਿਲਾਂ ਯੂਪੀਏ ਦੇ ਦੋ ਕਾਰਜਕਾਲਾਂ ਵਿੱਚ 60 ਫੀਸਦ ਬਿੱਲ ਸੰਸਦ ਕਮੇਟੀ ਕੋਲ ਨਜ਼ਰਸਾਨੀ ਲਈ ਭੇਜੇ ਗਏ ਸਨ।