ਫਗਵਾੜਾ, 5 ਸਤੰਬਰ

ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਵਿਰੋਧੀ ਧਿਰਾਂ ਭਾਵੇਂ ਜਿੰਨਾ ਮਰਜ਼ੀ ਏਕਾ ਕਰ ਲੈਣ, ਪਰ ਉਹ ਮੋਦੀ ਸਰਕਾਰ ਵੱਲੋਂ ਕੀਤੇ ਕੰਮਾਂ ਅੱਗੇ ਟਿਕ ਨਹੀਂ ਸਕਣਗੀਆਂ। ਵਿਰੋਧੀ ਧਿਰਾਂ ਹੁਣ ਘਟੀਆ ਰਾਜਨੀਤੀ ’ਤੇ ਉੱਤਰ ਆਈਆਂ ਹਨ ਤੇ ਹਿੰਦੂਆਂ ਖ਼ਿਲਾਫ਼ ਗਲਤ ਪ੍ਰਚਾਰ ਕਰ ਰਹੀਆਂ ਹਨ। ਉਨ੍ਹਾਂ ਬੰਗਾਲ ’ਚ ਰਾਮਨੌਮੀ ਮੌਕੇ ਬੰਬ ਤੇ ਗੋਲੀਆਂ ਚੱਲਣ ਤੇ ਹੋਰ ਘਟਨਾਵਾਂ ਦਾ ਵੀ ਜ਼ਿਕਰ ਕੀਤਾ।

ਇਸ ਬਲਾਕ ਦੇ ਪਿੰਡ ਹਰਬੰਸਪੁਰ, ਜਗਜੀਤਪੁਰ ’ਚ ‘ਮੇਰੀ ਮਿੱਟੀ, ਮੇਰਾ ਦੇਸ਼’ ਤਹਿਤ ਸਮਾਗਮ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਨੇ ਸ਼ਹੀਦਾਂ, ਦੇਸ਼ ਦੀ ਆਰਥਿਕਤਾ ਤੇ ਸਿੱਖ ਗੁਰੂਆਂ ਦੇ ਸਨਮਾਨ ’ਚ ਜੋ ਕੀਤਾ ਹੈ ਉਹ ਅੱਜ ਤੱਕ ਕੋਈ ਵੀ ਸਰਕਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਸਾਢੇ ਛੇ ਲੱਖ ਪਿੰਡਾਂ ਦੀ ਮਿੱਟੀ ਦੇਸ਼ ਭਰ ’ਚੋਂ ਲਿਆਂਦੀ ਜਾਵੇਗੀ ਤੇ ਆਜ਼ਾਦੀ ਦੇ 75ਵੇਂ ਵਰ੍ਹੇ ਮੌਕੇ ਇੱਕ ਅਹਿਮ ਯਾਦਗਾਰ ਦਿੱਲੀ ’ਚ ਸਥਾਪਤ ਹੋਵੇਗੀ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗੂਰਕ ਕਰਨ ’ਚ ਅਹਿਮ ਰੋਲ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਹਰ ਪਿੰਡ ’ਚ ‘ਅੰਮ੍ਰਿਤ ਵਾਟਿਕਾ’ ਤਹਿਤ 75 ਬੂਟੇ ਲਗਾਏ ਜਾਣਗੇ। ਉਨ੍ਹਾਂ ਭਾਜਪਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਫ਼ੌਜ ਦੀ ਮਜ਼ਬੂਤੀ, ਕਰਤਾਰਪੁਰ ਸਾਹਿਬ ਦੇ ਲਾਂਘੇ, ਵੀਰ ਵਾਲ ਦਿਵਸ ਮਨਾਉਣ, ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ, ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਦਿਹਾੜਾ ਮਨਾਉਣ, ਅਫ਼ਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਸੁਰੱਖਿਅਤ ਲਿਆਉਣ, ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰੀਆਂ ਲਈ ਰੋਪਵੇਅ ਬਣਾਉਣ, ਜਗਦੀਸ਼ ਟਾਈਟਲਰ ਨੂੰ ਜੇਲ੍ਹ ਭੇਜ ਕੇ 1984 ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ, ਕਪੂਰਥਲਾ-ਹੁਸ਼ਿਆਰਪੁਰ ’ਚ ਮੈਡੀਕਲ ਕਾਲਜ ਬਣਾਉਣ ਤੇ ਨੈਸ਼ਨਲ ਹਾਈਵੇਅ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।