ਚੰਡੀਗੜ•, 31 ਜਨਵਰੀ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਦੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਕੋਲ ਦੇਸ਼ ਦੀ ਬਿਹਤਰੀ ਲਈ ਨਾ ਤਾਂ ਕੋਈ ਨੀਤੀ ਹੈ ਅਤੇ ਨਾ ਸਰਕਾਰ ਦੀ ਅਜਿਹੀ ਕੋਈ ਨੀਅਤ ਹੈ। 

ਅੱਜ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰਪਤੀ ਦੇ ਭਾਸ਼ਣ ਤੇ ਟਿੱਪਣੀ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਇਸ ਭਾਸ਼ਣ ਵਿਚੋਂ ਸਰਕਾਰ ਦਾ ਰੁੱਖ ਸਪੱਸ਼ਟ ਹੋ ਗਿਆ ਹੈ ਕਿ ਇਸ ਸਰਕਾਰ ਨੂੰ ਦੇਸ਼ ਦੇ ਗਰੀਬ ਅਤੇ ਕਿਸਾਨ ਦੀ ਕੋਈ ਫਿਕਰ ਨਹੀਂ ਹੈ। ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਆਪਣੇ 5 ਸਾਲ ਦਾ ਕਾਰਜਕਾਲ ਗੁਆ ਲਿਆ ਹੈ ਅਤੇ ਆਪਣੇ ਆਖਰੀ ਦਿਨਾਂ ਵਿਚ ਵੀ ਇਸ ਸਰਕਾਰ ਨੇ ਕੋਈ ਸਬਕ ਨਹੀਂ ਲਿਆ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਦੇਸ਼ ਦੇ ਕਿਸਾਨ ਇਸ ਸਮੇਂ ਗੰਭੀਰ ਆਰਥਿਕ ਸੰਕਟ ਵਿਚੋਂ ਗੁਜਰ ਰਹੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਨੂੰ ਕਰਜ ਦੇ ਜਾਲ ਵਿਚੋਂ ਕੱਢਣ ਲਈ ਕੋਈ ਉਪਰਾਲਾ ਨਹੀਂ ਕਰ ਰਹੀ ਸਗੋਂ ਅਜਿਹਾ ਕਰਨ ਵਾਲੀਆਂ ਰਾਜ ਸਰਕਾਰਾਂ ਦੇ ਉਪਰਾਲਿਆਂ ਵਿਚ ਵੀ ਕੋਈ ਸਹਿਯੋਗ ਨਹੀਂ ਕਰ ਰਹੀ ਹੈ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਖੇਤੀ ਨੀਤੀਆਂ ਕਾਰਨ ਦੇਸ਼ ਦੀ ਕਿਸਾਨੀ ਤਬਾਹੀ ਦੇ ਕਗਾਰ ਤੇ ਪਹੁੰਚ ਗਈ ਹੈ ਪਰ ਮੋਦੀ ਸਰਕਾਰ ਨੂੰ ਦੇਸ਼ ਦੇ ਅੰਨਦਾਤੇ ਦੀ ਕੋਈ ਪ੍ਰਵਾਹ ਨਹੀਂ ਹੈ। 

ਸੂਬਾ ਕਾਂਗਰਸ ਪ੍ਰਧਾਨ ਨੇ ਹੋਰ ਕਿਹਾ ਕਿ ਦੇਸ਼ ਦੇ ਗਰੀਬ ਲੋਕਾਂ ਲਈ ਵੀ ਸਰਕਾਰ ਤਰਫੋਂ ਅੱਜ ਦੇ ਭਾਸ਼ਣ ਵਿਚ ਕੋਈ ਚੰਗਾ ਸੰਕੇਤ ਨਹੀਂ ਮਿਲਿਆ ਹੈ। ਉਨ•ਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣਾ ਪੂਰਾ ਕਾਰਜਕਾਲ ਪੂੰਜੀਪਤੀਆਂ ਨੂੰ ਸਮਰਪਿਤ ਰੱਖਿਆ ਅਤੇ ਹੁਣ ਵੀ ਸਰਕਾਰ ਇਸੇ ਰਾਹ ਤੇ ਚੱਲ ਰਹੀ ਹੈ। 

ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਨੋਟਬੰਦੀ ਸਬੰਧੀ ਵੱਡੇ ਦਾਅਵੇ ਕੀਤੇ ਸਨ ਪਰ ਆਪਣੇ ਕਾਰਜਕਾਲ ਦੇ ਆਖਰੀ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਵੀ ਸਰਕਾਰ ਇਸ ਨਾਲ ਸਿੱਧ ਹੋਏ ਕਿਸੇ ਮਕਸਦ ਨੂੰ ਦੇਸ਼ ਦੇ ਲੋਕਾਂ ਸਾਹਮਣੇ ਨਹੀਂ ਰੱਖ ਸਕੀ। ਉਨ•ਾਂ ਨੇ ਕਿਹਾ ਕਿ ਨੋਟਬੰਦੀ ਦੇ ਬਾਵਜੂਦ ਨਾ ਕਾਲਾ ਧਨ ਬਾਹਰ ਆਇਆ ਤੇ ਨਾ ਆਂਤਕਵਾਦ ਹੀ ਰੁਕਿਆ ਬਲਕਿ ਲੱਖਾਂ ਕਰੋੜਾਂ ਆਮ ਲੋਕਾਂ ਨੇ ਜਰੂਰ ਇਸ ਨਾਲ ਵੱਡਾ ਦਰਦ ਹੰਡਾਇਆ।

ਇਸੇ ਤਰਾਂ ਜੀਐਸਟੀ ਦੀ ਗੱਲ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਦੋਸ਼ਪੂਰਣ ਤਰੀਕੇ ਨਾਲ ਲਾਗੂ ਕੀਤੇ ਜੀਐਸਟੀ ਕਾਰਨ ਦੇਸ਼ ਦਾ ਉਦਯੋਗ ਅਤੇ ਵਪਾਰ ਤਬਾਹ ਹੋ ਰਿਹਾ ਹੈ ਪਰ ਮੋਦੀ ਸਰਕਾਰ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ਵਿਚ ਇਸ ਮੁੱਦੇ ਦੇ ਕਿਸੇ ਹੱਲ ਦਾ ਵੀ ਕੋਈ ਸੰਕੇਤ ਨਹੀਂ ਦਿੱਤਾ ਗਿਆ। 

ਲੋਕ ਸਭਾ ਮੈਂਬਰ ਨੇ ਕਿਹਾ ਕਿ ਦੇਸ਼ ਦੇ ਅਵਾਮ ਨੇ ਭਾਜਪਾ ਦੇ ਇਸ ਨਿਜਾਮ ਖਿਲਾਫ ਮਨ ਬਣਾ ਲਿਆ ਹੈ। ਉਨ•ਾਂ ਨੇ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਦੇ ਲੋਕ ਭਾਜਪਾ ਦਾ ਸਾਸ਼ਨ ਖਤਮ ਕਰਨ ਦਾ ਨਿਰਣਾ ਕਰ ਚੁੱਕੇ ਹਨ। ਉਨ•ਾਂ ਨੇ ਦੁਹਰਾਇਆ ਕਿ ਕੇਂਦਰ ਵਿਚ ਸਰਕਾਰ ਬਣਨ ਤੇ ਕਾਂਗਰਸ ਸਰਕਾਰ ਘੱਟੋ ਘੱਟ ਆਮਦਨ ਦੀ ਗਾਰੰਟੀ ਦਾ ਕਾਨੂੰਨ ਲੈ ਕੇ ਆਵੇਗੀ ਜਦ ਕਿ ਕਿਸਾਨ ਵੀ ਇਸ ਸਰਕਾਰ ਦੀ ਤਰਜੀਹ ਹੋਣੇਗੇ।