ਰੋਮ, 29 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਇਟਲੀ ਦੀ ਰਾਜਧਾਨੀ ਰੋਮ ਪਹੁੰਚ ਗਏ ਹਨ। ਅੱਜ ਉਨ੍ਹਾਂ ਨੇ ਯੋਰਪੀਅਨ ਯੂਨੀਅਨ ਦੇਸ਼ਾਂ ਦੇ ਉੱਚ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਵਪਾਰ, ਕਮਰਸ, ਸੱਭਿਆਚਾਰ ਅਤੇ ਵਾਤਾਵਰਣ ਵਰਗੇ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਨੇ ਯੋਰਪੀਅਨ ਕਾਊਂਸਿਲ ਦੇ ਪ੍ਰਧਾਨ ਚਾਰਲਜ਼ ਮਾਈਕਲ ਅਤੇ ਯੋਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡਰ ਲੇਅਨ ਨਾਲ ਵੀ ਗੱਲਬਾਤ ਕੀਤੀ। ਦੋਹਾਂ ਆਗੂਆਂ ਨੇ ਭਾਰਤ ਵਿੱਚ ਚਲਾਈ ਗਈ ਕਰੋਨਾ ਟੀਕਾਕਰਨ ਮੁਹਿੰਮ ਦੀ ਸ਼ਲਾਘਾ ਕੀਤੀ ਤੇ ਭਾਰਤ ਵੱਲੋਂ ਕੋਵਿਡ ਵੈਕਸੀਨ ਹੋਰਨਾਂ ਦੇਸ਼ਾਂ ਨੂੰ ਭੇਜਣ ਦੇ ਕਦਮ ਨੂੰ ਸਰਾਹਿਆ। ਮੀਟਿੰਗ ਮਗਰੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਯੋਰਪੀਅਨ ਯੂਨੀਅਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਕਈ ਅਹਿਮ ਮੁੱਦਿਆਂ ’ਤੇ ਗੰਭੀਰ ਗੱਲਬਾਤ ਹੋਈ ਜਿਸ ਦੇ ਸਾਰਥਕ ਸਿੱਟੇ ਨਿਕਲਣ ਦੇ ਆਸਾਰ ਹਨ।