ਕੋਪਨਹੈਗਨ, ਤਿੰਨ ਮੁਲਕਾਂ ਦੀ ਫੇਰੀ ਤਹਿਤ ਜਰਮਨੀ ਤੋਂ ਡੈਨਮਾਰਕ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਵਿੱਚ ਫੌਰੀ ਗੋਲੀਬੰਦੀ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਸਲਾ ਠਜਿੱਠਣ ਲਈ ਦੋਵੇਂ ਮੁਲਕ ਮੁੁੜ ਸੰਵਾਦ ਤੇ ਕੂਟਨੀਤੀ ਦੇ ਰਾਹ ਪੈਣ। ਉਧਰ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਨੇ ਆਸ ਜਤਾਈ ਕਿ ਭਾਰਤ ਇਸ ਜੰਗ ਨੂੰ ਖ਼ਤਮ ਕਰਨ ਲਈ ਰੂਸ ਨਾਲ ਆਪਣੀ ਨੇੜਤਾ ਤੇ ਅਸਰ-ਰਸੂਖ਼ ਨੂੰ ਵਰਤੇਗਾ।

ਡੈਨਿਸ਼ ਪ੍ਰਧਾਨ ਮੰਤਰੀ ਦੀ ਮਾਰੀਨਬੋਰਗ ਸਥਿਤ ਸਰਕਾਰੀ ਰਿਹਾਇਸ਼ ’ਤੇ ਹੋਈ ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਯੂਕਰੇਨ ਸੰਕਟ, ਭਾਰਤ-ਯੂਰੋਪ ਮੁਕਤ ਵਪਾਰ ਸਮਝੌਤੇ ਅਤੇ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਚਰਚਾ ਕੀਤੀ। ਦੁਵੱਲੀ ਗੱਲਬਾਤ ਦੌਰਾਨ ਵਪਾਰਕ ਰਿਸ਼ਤਿਆਂ ਅਤੇ ਵਾਤਾਵਰਨ ਤਬਦੀਲੀ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਵਿਚਾਰਿਆ ਗਿਆ।

ਸ੍ਰੀ ਮੋਦੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਯੂਕਰੇਨ ਵਿੱਚ ਫੌਰੀ ਗੋਲੀਬੰਦੀ ਦੀ ਅਪੀਲ ਕਰਦਾ ਹਾਂ ਤੇ ਦੋਵੇਂ ਮੁਲਕ ਮਸਲੇ ਦੇ ਹੱਲ ਲਈ ਮੁੜ ਸੰਵਾਦ ਤੇ ਕੂਟਨੀਤੀ ਦੇ ਰਾਹ ਪੈਣ।’’ ਫਰੈਡਰਿਕਸਨ ਨੇ ਆਸ ਜਤਾਈ ਕਿ ਭਾਰਤ, ਯੂਕਰੇਨ ਨੂੰ ਲੈ ਕੇ ਰੂਸ ’ਤੇ ਆਪਣਾ ਅਸਰ ਰਸੂਖ਼ ਵਰਤਦਿਆਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਹੇਗਾ ਕਿ ‘ਉਹ ਇਸ ਜੰਗ ਨੂੰ ਰੋਕਣ ਤੇ ਹੱਤਿਆਵਾਂ ਬੰਦ ਕਰਨ।’’ ਫਰੈਡਰਿਕਸਨ ਨੇ ਕਿਹਾ, ‘‘ਮੇਰਾ ਸੁਨੇਹਾ ਸਾਫ਼ ਤੇ ਸਪਸ਼ਟ ਹੈ ਕਿ ਪੂਤਿਨ ਨੂੰ ਇਹ ਜੰਗ ਰੋਕਣ ਤੇ ਹੱਤਿਆਵਾਂ ਬੰਦ ਕਰਨ ਲਈ ਕਹਿਣਾ ਹੋਵੇਗਾ। ਮੈਂ ਉਮੀਦ ਕਰਦੀ ਹਾਂ ਕਿ ਭਾਰਤ ਰੂਸ ’ਤੇ ਆਪਣਾ ਅਸਰ ਰਸੂਖ ਵਰਤੇਗਾ।’’ ਗੱਲਬਾਤ ਮਗਰੋਂ ਜਾਰੀ ਸਾਂਝੇ ਬਿਆਨ ਵਿੱਚ ਦੋਵਾਂ ਪ੍ਰਧਾਨ ਮੰਤਰੀਆਂ ਨੇ ਯੂਕਰੇਨ ਵਿੱਚ ਜਾਰੀ ਮਾਨਵੀ ਸੰਕਟ ਨੂੰ ਲੈ ਕੇ ਵੱਡੀ ਫਿਕਰਮੰਦੀ ਜ਼ਾਹਿਰ ਕੀਤੀ। ਉਨ੍ਹਾਂ ਯੂਕਰੇਨ ਵਿੱਚ ਆਮ ਲੋਕਾਂ ਦੀਆਂ ਹੱਤਿਆਵਾਂ ਦੀ ਨਿਖੇਧੀ ਕੀਤੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸਮਕਾਲੀ ਗਲੋਬਲ ਆਰਡਰ ਯੂਐੱਨ ਚਾਰਟਰ, ਕੌਮਾਂਤਰੀ ਕਾਨੂੰਨ ਤੇ ਮੁਲਕਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ’ਤੇ ਬਣਾਇਆ ਗਿਆ ਹੈ। ਦੋਵਾਂ ਆਗੂਆਂ ਨੇ ਯੂਕਰੇਨ ਸੰਕਟ ਦੇ ਅਸਥਿਰ ਅਸਰ ਤੇ ਇਸ ਦੇ ਵਿਆਪਕ ਖੇਤਰੀ ਤੇ ਆਲਮੀ ਅਸਰ ਬਾਰੇ ਵੀ ਚਰਚਾ ਕੀਤੀ ਅਤੇ ਇਸ ਮੁੱਦੇ ’ਤੇ ਨੇੜਿਓਂ ਜੁੜੇ ਰਹਿਣ ਦੀ ਸਹਿਮਤੀ ਦਿੱਤੀ। ਸ੍ਰੀ ਮੋਦੀ ਨੇ ਆਸ ਜਤਾਈ ਕਿ ਭਾਰਤ ਤੇ ਯੂਰੋਪੀ ਮੁਲਕਾਂ ਦਰਮਿਆਨ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਚੱਲ ਰਹੀ ਗੱਲਬਾਤ ਜਲਦੀ ਸਿਰੇ ਚੜ੍ਹ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਮੁਕਤ, ਖੁੱਲ੍ਹੇ, ਸੰਮਲਿਤ ਤੇ ਨੇਮ ਅਧਾਰਿਤ ਭਾਰਤ-ਪ੍ਰਸ਼ਾਂਤ ਖਿੱਤੇ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ 200 ਤੋਂ ਵੱਧ ਡੈਨਿਸ਼ ਕੰਪਨੀਆਂ ਕੰਮ ਕਰ ਰਹੀਆਂ ਹਨ ਤੇ ਉਨ੍ਹਾਂ ਨੂੰ ਵਿਆਪਕ ਆਰਥਿਕ ਸੁਧਾਰਾਂ ਤੇ ਕਾਰੋਬਾਰ ਕਰਨ ਦੀ ਸੌਖ ਦਾ ਲਾਹਾ ਮਿਲ ਰਿਹਾ ਹੈ। ਉਨ੍ਹਾਂ ਕਿਹਾ, ‘‘ਭਾਰਤ ਦੇ ਬੁਨਿਆਦੀ ਢਾਂਚਾ ਸੈਕਟਰ ਤੇ ਗ੍ਰੀਨ ਊਰਜਾ ਸਨਅਤ ਵਿੱਚ ਡੈਨਿਸ਼ ਕੰਪਨੀਆਂ ਤੇ ਡੈਨਿਸ਼ ਪੈਨਸ਼ਨ ਫੰਡਜ਼ ਕੋਲ ਵੱਡੇ ਮੌਕੇ ਹਨ।’’ ਮੋਦੀ ਤੇ ਫਰੈਡਰਿਕਸਨ ਨੇ ਭਾਰਤ-ਯੂਰੋਪੀ ਯੂਨੀਅਨ ਵਪਾਰ, ਨਿਵੇਸ਼ ਤੇ ਭੂਗੋਲਿਕ ਸੰਕੇਤਕ ਸਮਝੌਤੇ ਨੂੰ ਲੈ ਕੇ ਮੁੜ ਸੰਵਾਦ ਸ਼ੁਰੂ ਕੀਤੇ ਜਾਣ ਦੀ ਸ਼ਲਾਘਾ ਕੀਤੀ। ਉਨ੍ਹਾਂ ਯੂਰੋਪੀ ਯੂਨੀਅਨ ਤੇ ਭਾਰਤ ਵਿਚਾਲੇ ਟਰੇਡ ਤੇ ਟੈਕਨਾਲੋਜੀ ਕੌਂਸਲ ਦੇ ਆਗਾਜ਼ ਦਾ ਵੀ ਸਵਾਗਤ ਕੀਤਾ। ਸ੍ਰੀ ਮੋਦੀ ਨੇ ਮਗਰੋਂ ਭਾਰਤ-ਡੈਨਮਾਰਕ ਬਿਜ਼ਨਸ ਫੋਰਮ ਨੂੰ ਵੀ ਸੰਬੋਧਨ ਕੀਤਾ।

ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਡੈਨਿਸ਼ ਹਮਰੁਤਬਾ ਨਾਲ ਦੁਵੱਲੇ ਮੁੱਦਿਆਂ ’ਤੇ ਮੀਟਿੰਗ ਕੀਤੀ। ਦੋਵਾਂ ਆਗੂਆਂ ਨੇ ਪਹਿਲਾਂ ਇਕੱਲਿਆਂ ਇਕ ਦੂਜੇ ਨਾਲ ਸੰਵਾਦ ਕੀਤਾ ਤੇ ਮਗਰੋਂ ਵਫ਼ਦ ਪੱਧਰ ਦੀ ਗੱਲਬਾਤ ਹੋਈ। ਮੰਤਰਾਲੇ ਨੇ ਕਿਹਾ ਕਿ ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ-ਡੈੱਨਮਾਰਕ ਗ੍ਰੀਨ ਰਣਨੀਤਕ ਭਾਈਵਾਲੀ ਦੀ ਪ੍ਰਗਤੀ ਨੂੰ ਲੈ ਕੇ ਨਜ਼ਰਸਾਨੀ ਕੀਤੀ। ਇਸ ਦੌੌਰਾਨ ਨਵਿਆਉਣਯੋਗ ਊਰਜਾ, ਖਾਸ ਕਰਕੇ ਸਾਹਿਲਾਂ ਨੇੜੇ ਵਾਯੂ ਊਰਜਾ ਤੇ ਗ੍ਰੀਨ ਹਾਈਡਰੋਜਨ ਅਤੇ ਹੁਨਰ ਵਿਕਾਸ, ਸਿਹਤ, ਸ਼ਿਪਿੰਗ, ਪਾਣੀ ਤੇ ਉੱਤਰੀ ਧਰੁਵ ਵਿੱਚ ਸਹਿਯੋਗ ਬਾਰੇ ਵੀ ਚਰਚਾ ਹੋਈ। ਇਸ ਤੋਂ ਪਹਿਲਾਂ ਫਰੈਡਰਿਕਸਨ ਨੇ ਖੁ਼ਦ ਹਵਾਈ ਅੱਡੇ ਪੁੱਜ ਕੇ ਆਪਣੇ ਭਾਰਤੀ ਹਮਰੁਤਬਾ ਨੂੰ ਜੀ ਆਇਆਂ ਕਿਹਾ। ਇਸ ਦੌਰਾਨ ਹਵਾਈ ਅੱਡੇ ’ਤੇ ਰਵਾਇਤੀ ਪੁਸ਼ਾਕਾਂ ਪਾਈ ਭਾਰਤੀ ਪਰਵਾਸੀ ਭਾਈਚਾਰਾ ਵੀ ਮੌਜੂਦ ਸੀ, ਜਿਨ੍ਹਾਂ ਦੇ ਹੱਥਾਂ ਵਿੱਚ ‘ਢੋਲ-ਤਾਸ਼ੇ’ ਸਨ।