ਨਿਊਯਾਰਕ, 21 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਅਮਰੀਕਾ ਦੀਆਂ ਉੱਘੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਿਚ ‘ਟੈਸਲਾ’ ਦੇ ਸੀਈਓ ਐਲਨ ਮਸਕ ਵੀ ਸ਼ਾਮਲ ਸਨ। ਮਸਕ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਹੋਰ ਵੱਡੇ ਮੁਲਕ ਨਾਲੋਂ ਭਾਰਤ ਵਿਚ ਬਹੁਤ ਸੰਭਾਵਨਾਵਾਂ ਹਨ ਤੇ ਉਹ ਇਸ ਦੇ ਭਵਿੱਖ ਬਾਰੇ ਬਹੁਤ ਉਤਸ਼ਾਹਿਤ ਹਨ। ਮੋਦੀ ਨਾਲ ਮੁਲਾਕਾਤ ਤੋਂ ਬਾਅਦ ਟਵਿੱਟਰ ਦੇ ਮੁਖੀ ਐਲਨ ਮਸਕ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੈਟਫਾਰਮਾਂ ਕੋਲ ਕਿਸੇ ਮੁਲਕ ਵਿਚ ਉੱਥੋਂ ਦੇ ਕਾਨੂੰਨਾਂ ਨੂੰ ਮੰਨਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੁੰਦਾ, ਅਜਿਹਾ ਨਾ ਕਰਨ ’ਤੇ ਪਲੈਟਫਾਰਮ ਨੂੰ ਬੰਦ ਕੀਤੇ ਜਾਣ ਦਾ ਜੋਖ਼ਮ ਬਣਿਆ ਰਹਿੰਦਾ ਹੈ। ਮਸਕ ਦੀਆਂ ਇਹ ਟਿੱਪਣੀਆਂ ਟਵਿੱਟਰ ਦੇ ਸਾਬਕਾ ਸੀਈਓ ਜੈਕ ਡੋਰਸੀ ਦੇ ਉਨ੍ਹਾਂ ਦੋਸ਼ਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਆਈਆਂ ਹਨ ਜਿਨ੍ਹਾਂ ਵਿਚ ਡੋਰਸੀ ਨੇ ਕਿਹਾ ਸੀ ਕਿ ਭਾਰਤ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਟਵਿੱਟਰ ਨੂੰ ਛਾਪਿਆਂ ਦੀ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਪਲੈਟਫਾਰਮ ਨੂੰ ਕਿਹਾ ਗਿਆ ਸੀ ਕਿ ਜੇਕਰ ਉਹ ਸਰਕਾਰ ਦੀ ਆਲੋਚਨਾ ਵਾਲੀ ਸਮੱਗਰੀ ਨਹੀਂ ਹਟਾਉਣਗੇ ਤਾਂ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਡੋਰਸੀ ਨੇ 2021 ਵਿਚ ਟਵਿੱਟਰ ਦੇ ਸੀਈਓ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਡੋਰਸੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਸਰਕਾਰ ਤੋਂ ਉਨ੍ਹਾਂ ਨੂੰ ਅਜਿਹੇ ਖਾਤਿਆਂ ਨੂੰ ਬੰਦ ਕਰਨ ਦੀਆਂ ਕਈ ਬੇਨਤੀਆਂ ਮਿਲੀਆਂ ਸਨ ਜੋ 2020-21 ਦੇ ਕਿਸਾਨ ਅੰਦੋਲਨ ਨੂੰ ਕਵਰ ਕਰ ਰਹੇ ਸਨ ਤੇ ਆਲੋਚਨਾ ਕਰ ਰਹੇ ਸਨ। ਜਦਕਿ ਭਾਰਤ ਦੇ ਸੂਚਨਾ ਤਕਨੀਕ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਡੋਰਸੀ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਨਿਊਯਾਰਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਮਸਕ ਨੇ ਕਿਹਾ, ‘ਬਿਹਤਰ ਇਹੀ ਹੋਵੇਗਾ ਕਿ ਅਸੀਂ ਕਿਸੇ ਦੇਸ਼ ਵਿਚ ਲਾਗੂ ਕਾਨੂੰਨਾਂ ਦੀ ਪਾਲਣਾ ਕਰੀਏ।’ ਉਨ੍ਹਾਂ ਨਾਲ ਹੀ ਕਿਹਾ ਕਿ ‘ਇਸ ਤੋਂ ਵੱਧ ਕੁਝ ਵੀ ਕਰਨਾ ਸੰਭਵ ਨਹੀਂ ਹੋਵੇਗਾ।’ ਮਸਕ ਨੇ ਕਿਹਾ ਕਿ ਸਰਕਾਰਾਂ ਦੇ ਵੱਖ-ਵੱਖ ਰੂਪਾਂ ਲਈ ਅਲੱਗ-ਅਲੱਗ ਨਿਯਮ ਹੁੰਦੇ ਹਨ, ਤੇ ਅਸੀਂ ‘ਕਾਨੂੰਨ ਤਹਿਤ ਜਿੰਨੀ ਵੱਧ ਤੋਂ ਵੱਧ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਿੱਤੀ ਜਾ ਸਕਦੀ ਹੈ, ਦੇਣ ਦੀ ਕੋਸ਼ਿਸ਼ ਕਰਦੇ ਹਾਂ। ਅਮਰੀਕਾ ਨੂੰ ਹੀ ਪੂਰੀ ਦੁਨੀਆ ’ਤੇ ਲਾਗੂ ਨਹੀਂ ਕੀਤਾ ਜਾ ਸਕਦਾ।’ ਮਸਕ ਨਾਲ ਆਪਣੀ ਮੀਟਿੰਗ ਬਾਰੇ ਟਵੀਟ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਰਮਿਆਨ ਊਰਜਾ ਤੋਂ ਲੈ ਕੇ ਅਧਿਆਤਮ ਤੱਕ ਦੀਆਂ ਗੱਲਾਂ ਹੋਈਆਂ ਹਨ। ਇਸ ’ਤੇ ਮਸਕ ਨੇ ਜਵਾਬੀ ਟਵੀਟ ਕਰਦਿਆਂ ਕਿਹਾ, ‘ਦੁਬਾਰਾ ਮਿਲਣਾ ਸਨਮਾਨ ਦੀ ਗੱਲ ਰਿਹਾ।’ ਮੋਦੀ ਆਪਣੇ 21-24 ਜੂਨ ਤੱਕ ਦੇ ਅਮਰੀਕਾ ਦੌਰੇ ਦੌਰਾਨ ਕਈ ਵੱਡੀਆਂ ਹਸਤੀਆਂ ਨੂੰ ਮਿਲ ਰਹੇ ਹਨ ਜਿਨ੍ਹਾਂ ਵਿਚ ਨੋਬੇਲ ਜੇਤੂ, ਅਰਥਸ਼ਾਸਤਰੀ, ਕਲਾਕਾਰ, ਵਿਗਿਆਨੀ, ਅਕਾਦਮਿਕ ਹਸਤੀਆਂ, ਉੱਦਮੀ ਤੇ ਸਿਹਤ ਖੇਤਰ ਦੇ ਮਾਹਿਰ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਹੁਣ ਤੱਕ ਲੇਖਕ ਨਿਕੋਲਸ ਨਸੀਮ ਤਾਲਿਬ, ਨਿਵੇਸ਼ਕ ਰੇਅ ਡਾਲੀਓ, ਖਗੋਲ ਵਿਗਿਆਨੀ ਨੀਲ ਦੇਗਰੱਸੇ ਟਾਈਸਨ ਤੇ ਨੋਬੇਲ ਜੇਤੂ ਅਰਥਸ਼ਾਸਤਰੀ ਪੌਲ ਰੋਮਰ ਨਾਲ ਮੁਲਾਕਾਤ ਕੀਤੀ ਹੈ।