ਕੈਨਬਰਾ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਆਸਟਰੇਲੀਆ ਨੂੰ ਤਰੱਕੀ ਅਤੇ ਖੁਸ਼ਹਾਲੀ ਲਈ ‘ਮਜ਼ਬੂਤ ਭਾਈਵਾਲ’ ਕਰਾਰ ਦਿੰਦਿਆਂ ਬ੍ਰਿਸਬਨ ਵਿੱਚ ਖੇਡੀਆਂ ਗਈਆਂ 35ਵੀਆਂ ਆਸਟਰੇਲੀਅਨ ਸਿੱਖ ਖੇਡਾਂ ਨਾਲ ਜੁੜੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ‘ਆਸਟਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ’ ਵੱਲੋਂ ਕਰਵਾਈਆਂ ਗਈਆਂ ਇਹ ਖੇਡਾਂ 7 ਅਪਰੈਲ ਨੂੰ ਸ਼ੁਰੂ ਹੋਈਆਂ ਅਤੇ ਅੱਜ ਸਮਾਪਤ ਹੋ ਗਈਆਂ ਹਨ।

ਮੋਦੀ ਦਾ ਇਹ ਸੰਦੇਸ਼ ਕੈਨਬਰਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਅੱਜ ਆਪਣੇ ਟਵਿੱਟਰ ਹੈਂਡਲ ’ਤੇ ਸਾਂਝਾ ਕੀਤਾ। ਇਸ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਟੂਰਨਾਮੈਂਟ ਸਿੱਖ ਭਾਈਚਾਰੇ ਨੂੰ ਆਪਣੇ ਖੇਡ ਹੁਨਰ, ਮੁਕਾਬਲੇ ਦੀ ਭਾਵਨਾ ਅਤੇ ‘ਟੀਮ ਵਰਕ’ ਨੂੰ ਵੱਡੇ ਪਲੇਟਫਾਰਮ ’ਤੇ ਦਿਖਾਉਣ ’ਚ ਸਹਾਈ ਹੋਵੇਗਾ। ਮੋਦੀ ਨੇ ਕਿਹਾ, “ਸਿੱਖ ਗੁਰੂਆਂ ਨੇ ਭਾਰਤ ਅਤੇ ਦੁਨੀਆ ਨੂੰ ਕਈ ਸਿੱਖਿਆਵਾਂ ਦਿੱਤੀਆਂ। ਜੇ ਗੁਰੂਆਂ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਨੇੜਿਓਂ ਦੇਖਿਆ ਜਾਵੇ ਤਾਂ ਉਨ੍ਹਾਂ ਨੇ ਅਧਿਆਤਮਕ ਵਿਕਾਸ ਦੇ ਨਾਲ ਸਰੀਰਕ ਸਿਹਤ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ ਹੈ।’’ ਉਨ੍ਹਾਂ ਕਿਹਾ, ‘‘ਗੁਰੂ ਸਾਹਿਬਾਨ ਵੱਲੋਂ ਦਰਸਾਏ ਰਾਹ ’ਤੇ ਚੱਲਦਿਆਂ ਸਿੱਖ ਭਾਈਚਾਰਾ ਖੇਡਾਂ, ‘ਟੀਮ ਵਰਕ’ ਅਤੇ ਫਿਟਨੈੱਸ ਵਿੱਚ ਹਮੇਸ਼ਾ ਸਰਗਰਮ ਰਿਹਾ ਹੈ।’’

35ਵੀਆਂ ਆਸਟਰੇਲੀਅਨ ਸਿੱਖ ਖੇਡਾਂ ਦੇ ਵਿਸ਼ੇਸ਼ ਮਹੱਤਵ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ, ‘‘ਇਸ ਟੂਰਨਾਮੈਂਟ ਵਿੱਚ ਵੱਖ ਵੱਖ ਦੇਸ਼ਾਂ ਦੇ ਖਿਡਾਰੀ ਵੱਲੋਂ ਹਿੱਸਾ ਲੈਣਾ ਸ਼ਲਾਘਾਯੋਗ ਹੈ। 35ਵੀਆਂ ਆਸਟਰੇਲੀਅਨ ਸਿੱਖ ਖੇਡਾਂ ਲਈ ਮੇਰੀਆਂ ਸ਼ੁਭਕਾਮਨਾਵਾਂ।’’ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਧਾਮੀ ਅਨੁਸਾਰ ਤਿੰਨ ਦਿਨ ਚੱਲੀਆਂ ਇਨ੍ਹਾਂ ਖੇਡਾਂ ਵਿੱਚ ਤਿੰਨ ਹਜ਼ਾਰ ਤੋਂ ਵੱਧ ਅਥਲੀਟਾਂ ਨੇ ਹਿੱਸਾ ਲਿਆ ਅਤੇ ਇੱਕ ਲੱਖ ਤੋਂ ਵੱਧ ਲੋਕਾਂ ਨੇ ਇਹ ਖੇਡਾਂ ਦੇਖੀਆਂ ਹਨ।