ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਜਕਾਰਤਾ ਵਿਚ ਇਕ ਸਿਖ਼ਰ ਸੰਮੇਲਨ ਵਿਚ ਦਸ ਮੁਲਕਾਂ ਦੇ ਸਮੂਹ ‘ਆਸੀਆਨ’ ਦੇ ਨਾਲ ਭਾਰਤ ਦੇ ਸਬੰਧਾਂ ਦੀ ਗਤੀ ਦੀ ਸਮੀਖਿਆ ਕਰਨਗੇ। ਸਮੂਹ ਦੇ ਨੇਤਾਵਾਂ ਨਾਲ ਮੋਦੀ ਦੀ ਗੱਲਬਾਤ ਵਿਚ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਦੇ ਸੰਗਠਨ (ਆਸੀਆਨ) ਨਾਲ ਭਾਰਤ ਦੇ ਵਪਾਰਕ ਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਉਤੇ ਮੁੱਖ ਰੂਪ ਵਿਚ ਧਿਆਨ ਕੇਂਦਰਿਤ ਕੀਤਾ ਜਾਵੇਗਾ। ਆਸੀਆਨ-ਭਾਰਤ ਸਿਖਰ ਸੰਮੇਲਨ ਪਿਛਲੇ ਸਾਲ ਦੋਵਾਂ ਧਿਰਾਂ ਵਿਚਾਲੇ ਸਬੰਧਾਂ ਨੂੰ ਇਕ ਵਿਆਪਕ ਰਣਨੀਤਕ ਭਾਈਵਾਲੀ ਤੱਕ ਵਧਾਉਣ ਤੋਂ ਬਾਅਦ ਪਹਿਲਾ ਸਿਖਰ ਸੰਮੇਲਨ ਹੋਵੇਗਾ। ਮਾਮਲੇ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਦੋਵੇਂ ਧਿਰਾਂ ਸਮੁੰਦਰੀ ਸੁਰੱਖਿਆ ਸਹਿਯੋਗ ਵਧਾਉਣ ਲਈ ਇਕ ਨਵੀਂ ਪਹਿਲ ਦੀ ਸ਼ੁਰੂਆਤ ਕਰ ਸਕਦੇ ਹਨ। ਪ੍ਰਧਾਨ ਮੰਤਰੀ ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿਚ ਵੀ ਹਿੱਸਾ ਲੈਣਗੇ ਜੋ ਆਸੀਆਨ-ਭਾਰਤ ਸੰਮੇਲਨ ਦੀ ਸਮਾਪਤੀ ਤੋਂ ਤੁਰੰਤ ਬਾਅਦ ਹੋਵੇਗਾ। ਸਕੱਤਰ (ਪੂਰਬ) ਸੌਰਭ ਕੁਮਾਰ ਨੇ ਦੱਸਿਆ ਕਿ ਮੋਦੀ ਬੁੱਧਵਾਰ ਸ਼ਾਮ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਲਈ ਰਵਾਨਾ ਹੋਣਗੇ ਤੇ ਵੀਰਵਾਰ ਦੇਰ ਰਾਤ ਨੂੰ ਪਰਤਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਕਾਰਤਾ ਦੀ ਇਹ ਸੰਖੇਪ ਯਾਤਰਾ ਹੋਵੇਗੀ ਕਿਉਂਕਿ ਉਨ੍ਹਾਂ ਜੀ20 ਸਿਖਰ ਸੰਮੇਲਨ ਲਈ ਦੇਸ਼ ਪਰਤਣਾ ਹੈ। ਸਕੱਤਰ ਸੌਰਭ ਕੁਮਾਰ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਚੀਨ ਵੱਲੋਂ ਜਾਰੀ ਕੀਤੇ ਗਏ ਨਵੇਂ ਨਕਸ਼ੇ ਦਾ ਮੁੱਦਾ ਇਸ ਵਾਰਤਾ ਵਿਚ ਉੱਭਰੇਗਾ, ’ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਆਗੂਆਂ ਵਿਚਾਲੇ ਗੱਲਬਾਤ ਕਿਹੜੇ-ਕਿਹੜੇ ਮੁੱਦੇ ਉਤੇ ਕੇਂਦਰਤ ਹੋਵੇਗੀ। ਪਰ ਸਾਂਝੇ ਫਿਕਰਾਂ ਵਾਲੇ ਖੇਤਰੀ ਤੇ ਕੌਮਾਂਤਰੀ ਮੁੱਦੇ ਗੱਲਬਾਤ ਵਿਚ ਆਉਣਗੇ। ਜ਼ਿਕਰਯੋਗ ਹੈ ਕਿ ਪੇਈਚਿੰਗ ਨੇ 28 ਅਗਸਤ ਨੂੰ ‘ਸਟੈਂਡਰਡ ਮੈਪ ਆਫ ਚਾਇਨਾ’ ਰਿਲੀਜ਼ ਕੀਤਾ ਸੀ ਜਿਸ ਵਿਚ ਤਾਇਵਾਨ, ਦੱਖਣੀ ਚੀਨ ਸਾਗਰ, ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਨੇ ਇਹ ਨਕਸ਼ਾ ਖਾਰਜ ਕਰ ਦਿੱਤਾ ਸੀ ਤੇ ਚੀਨ ਕੋਲ ਸਖ਼ਤ ਇਤਰਾਜ਼ ਜਤਾਇਆ ਸੀ। ਮਲੇਸ਼ੀਆ, ਵੀਅਤਨਾਮ ਤੇ ਫਿਲੀਪੀਨਜ਼ ਵੀ ਚੀਨ ਦਾ ਦਾਅਵਾ ਖਾਰਜ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਆਸੀਆਨ ਵਿਚ ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਬਰੂਨੇਈ, ਵੀਅਤਨਾਮ, ਲਾਓਸ, ਮਿਆਂਮਾਰ ਤੇ ਕੰਬੋਡੀਆ ਸ਼ਾਮਲ ਹਨ।