ਮਲੋਟ, 12 ਜੁਲਾਈ
ਰੈਲੀ ’ਚ ਤਾਰੀਫ਼ਾਂ ਦਾ ਹੜ੍ਹ ਵਗਿਆ। ਸ਼੍ਰੋਮਣੀ ਅਕਾਲੀ ਦਲ  ਨੇ ਮੋਦੀ ਦੀ ਵਾਹ ਵਾਹ ਕੀਤੀ ਜਦੋਂ ਕਿ ਮੋਦੀ ਨੇ ਬਾਦਲਾਂ ਦੀ ਪਿੱਠ ਥਾਪੜੀ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਬਚਾਅ ਲਿਆ ਹੈ ਅਤੇ ਮੋਦੀ ਦੇ ਕਦਮਾਂ ਨੂੰ ਇਤਿਹਾਸਕ ਦੱਸਿਆ। ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਪ੍ਰਧਾਨ ਮੰਤਰੀ ਦੇ ਸਿਰ ’ਤੇ ਦਸਤਾਰ ਰੱਖੀ। ਇਹ ਵੱਖਰੀ ਗੱਲ ਹੈ ਕਿ ਮੋਦੀ ਨੇ ਉਦੋਂ ਹੀ ਦਸਤਾਰ ਉਤਾਰ ਕੇ ਫੜਾ ਦਿੱਤੀ। ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਤਾਂ ਮੋਦੀ ਦੇ ਸਵਾਗਤ ਲਈ ਵਾਰ ਵਾਰ ਫ਼ਸਲਾਂ ਦੇ ਵਧਾਏ ਭਾਅ ਤੇ ਲਿਖੀਆਂ ਕਾਵਿਕ ਤੁਕਾਂ ਵੀ ਬੋਲੀਆਂ।   ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਟੇਜ ਤੋਂ ਮੋਦੀ ਦੀ ਲੰਮੀ ਉਮਰ, ਚੰਗੀ ਸਿਹਤ ਤੇ ਲੰਮਾ ਸਮਾਂ ਪ੍ਰਧਾਨ ਮੰਤਰੀ ਰਹਿਣ ਦੀ ਕਾਮਨਾ ਕੀਤੀ ਅਤੇ ਮੋਦੀ ਨੂੰ ਦੁਨੀਆ ਦਾ ਨਾਇਕ ਦੱਸਿਆ। ਕਿਸੇ ਵੀ ਨੇਤਾ ਨੇ ਮੋਦੀ ਅੱਗੇ ਕੋਈ ਮੰਗ ਨਹੀਂ ਰੱਖੀ। ਕਰਜ਼ਾ ਮੁਆਫ਼ੀ ਤੇ ਕਿਸਾਨ ਖੁਦਕੁਸ਼ੀਆਂ ਦੀ ਗੱਲ ਤੱਕ ਨਹੀਂ ਛੇੜੀ ਗਈ। ਦੂਜੇ ਪਾਸੇ, ਨਰਿੰਦਰ ਮੋਦੀ ਨੇ ਸਾਬਕਾ ਮੁੱਖ ਮੰਤਰੀ ਨੂੰ ਮਾਰਗ ਦਰਸ਼ਕ ਅਤੇ ਸੁਖਬੀਰ ਸਿੰਘ ਨੂੰ ਮਿੱਤਰ ਦੱਸਿਆ ਤੇ ਮਲੋਟ ਰੈਲੀ ਲਈ ਬਾਦਲ ਦਾ ਧੰਨਵਾਦ ਕੀਤਾ।   ਭਾਜਪਾ ਪੰਜਾਬ ਦੇ ਪ੍ਰਧਾਨ ਨਰਿੰਦਰ ਮੋਦੀ ਦੀ ਅਕਾਲੀਆਂ ਨਾਲੋਂ ਵੱਧ ਕੇ ਪ੍ਰਸ਼ੰਸਾ ਕੀਤੀ।